ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਲਈ ਡਿਪਟੀ ਕਮਿਸ਼ਨਰ ਨੇ ਸ਼ੁਰੂ ਕੀਤਾ ਨਵਾਂ ਉਪਰਾਲਾ 

  • ਹਰੇਕ ਬੱਚੇ ਨੂੰ ਉਸ ਦੀ ਇੱਛਾ ਅਨੁਸਾਰ ਦਿੱਤੀ ਜਾਵੇਗੀ ਅਗਵਾਈ 

ਅੰਮ੍ਰਿਤਸਰ 22 ਅਕਤੂਬਰ 2024 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਭਰ ਦੇ ਬੱਚਿਆਂ ਜੋ ਕਿ ਇਸ ਵੇਲੇ ਅਠਵੀਂ ਤੋਂ ਬਾਰਵੀਂ ਕਲਾਸ ਤੱਕ ਦੀ ਵਿਦਿਆਰਥੀ ਹਨ ਨੂੰ ਭਵਿੱਖ ਲਈ ਸੇਧ ਦੇਣ ਵਾਸਤੇ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਰੋਜ਼ਗਾਰ ਬਿਊਰੋ ਦੇ ਅਧਿਕਾਰੀ ਸ ਤੀਰਥ ਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਭਵਿੱਖ ਲਈ ਅਗਵਾਈ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਇਹ ਅਹਿਦ ਲਿਆ ਹੈ ਕਿ ਜਿਲੇ ਦਾ ਹਰੇਕ ਬੱਚਾ ਜੋ ਵੀ ਸੁਪਨਾ ਆਪਣੇ ਭਵਿੱਖ ਲਈ ਲੈਂਦਾ ਹੈ ਉਸ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਹਰ ਸੰਭਵ ਕੋਸ਼ਿਸ਼ ਕਰੇਗਾ। ਉਹਨਾਂ ਕਿਹਾ ਕਿ ਇਸ ਲਈ ਅਸੀਂ ਹਰੇਕ ਬੱਚੇ ਕੋਲੋਂ ਉਸ ਦੇ ਭਵਿੱਖ ਬਾਰੇ ਰਾਇ ਲਵਾਂਗੇ, ਉਪਰੰਤ ਉਸ ਬੱਚੇ ਦੀ ਲੋੜ ਅਨੁਸਾਰ ਉਸ ਨੂੰ ਮਾਹਰਾਂ ਕੋਲੋਂ ਅਗਵਾਈ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਬੱਚੇ ਨੇ ਭਵਿੱਖ ਵਿੱਚ ਜੋ ਵੀ ਬਣਨ ਦੀ ਇੱਛਾ ਕੀਤੀ ਹੋਵੇਗੀ ਉਸ ਨੂੰ ਉਸ ਖਿੱਤੇ ਦੀ ਅਹਿਮ ਅਤੇ ਸਿਰ ਕੱਢ ਹਸਤੀ ਨਾਲ ਮਿਲਾਇਆ ਜਾਵੇਗਾ ਤਾਂ ਜੋ ਉਹ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕੇ ।  ਸ ਤੀਰਥ ਪਾਲ ਸਿੰਘ ਨੇ ਦੱਸਿਆ ਕਿ ਅਸੀਂ ਇਸ ਲਈ ਗੂਗਲ ਸ਼ੀਟ ਸਕੂਲਾਂ ਨਾਲ ਸ਼ੇਅਰ ਕਰ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਹੈ ਕਿ ਹਰੇਕ ਬੱਚਾ ਜੋ ਕਿ ਅੱਠਵੀਂ ਤੋਂ ਬਾਰਵੀਂ ਕਲਾਸ ਤੱਕ ਦਾ ਵਿਦਿਆਰਥੀ ਹੈ, ਉਹ ਇਸ ਉੱਤੇ ਆਪਣਾ ਪਰਫਾਰਮਾ ਭਰ ਕੇ ਆਪਣੀ ਰਾਇ ਸਾਡੇ ਤੱਕ ਪਹੁੰਚਦੀ ਕਰੇ , ਤਾਂ ਜੋ ਅਸੀਂ ਉਸ ਅਨੁਸਾਰ ਆਪਣੀ ਰਣਨੀਤੀ ਤਿਆਰ ਕਰ ਸਕੀਏ । ਉਹਨਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਨੇ ਇਸ ਬਾਬਤ ਕੁਝ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਜਦ ਬੱਚਿਆਂ ਵਿੱਚੋਂ ਇੱਕ ਬੱਚੇ ਨੇ ਡਿਪਟੀ ਕਮਿਸ਼ਨਰ ਬਣਨ ਦੀ ਇੱਛਾ ਪ੍ਰਗਟ ਕੀਤੀ ਤਾਂ ਉਹਨਾਂ ਨੇ ਉਸ ਨੂੰ ਆਪਣੀ ਕੁਰਸੀ ਉੱਤੇ ਬਿਠਾ ਕੇ ਡੀ ਸੀ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ।