ਵਾਤਾਵਰਨ ਪੱਖੀ ਤਕਨੀਕਾਂ ਦੀ ਵਰਤੋਂ ਕਰਕੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਤ ਕੀਤਾ ਜਾਵੇ-ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੇ ਪਰਾਲੀ ਪ੍ਰਬੰਧਨ ਲਈ 18 ਬੇਲਰਾਂ ਦਾ ਕੀਤਾ ਰਸਮੀ ਸ਼ੁਭ ਆਰੰਭ
  • ਮਸ਼ੀਨਰੀ ਦੇ ਸਦਉਪਯੋਗ ਲਈ “ਉੱਨਤ ਕਿਸਾਨ” ਐਪ ਦੀ ਵਰਤੋਂ ਕੀਤੀ ਜਾਵੇ-ਡਾ. ਹਰਪਾਲ ਸਿੰਘ ਪੰਨੂ

ਤਰਨ ਤਾਰਨ, 22 ਅਕਤੂਬਰ 2024 : ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਪਰਮਵੀਰ ਸਿੰਘ ਆਈ. ਏ. ਐੱਸ, ਸ੍ਰੀ ਗੌਰਵ ਤੂਰਾ ਐੱਸ. ਐੱਸ. ਪੀ ਤਰਨ ਤਰਨ ਅਤੇ ਡਾ. ਹਰਪਾਲ ਸਿੰਘ ਪੰਨੂ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਨੇ ਮੇਜਰ ਬਾਇਓ ਫਿਊਲ, ਘਰਿਆਲਾ ਵਿਖੇ ਪਰਾਲੀ ਪ੍ਰਬੰਧਨ ਲਈ 18 ਬੇਲਰ ਚਲਾਉਣ ਦਾ ਰਸਮੀ ਸ਼ੁੱਭ ਆਰੰਭ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਨੇ ਉੱਦਮੀ ਨੌਜਵਾਨ ਨਵਦੀਪ ਸਿੰਘ ਅਤੇ ਸਾਥੀ ਕਿਸਾਨਾਂ ਦੀ ਵਾਤਾਵਰਨ ਪੱਖੀ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸ਼ੁਭ ਇੱਛਾਵਾਂ ਦਿੰਦਿਆਂ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾ ਭਾਵਨਾਤਮਕ ਸੰਬੋਧਨ ਦੌਰਾਨ ਕਿਹਾ ਕਿ ਸਾਡਾ ਦੇਸ਼  ਲੋਕਤੰਤਰਿਕ ਹੈ ਜਿਸ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਨ ਅਤੇ ਨਾਲ ਹੀ ਬਰਾਬਰ ਦੀਆਂ ਜਿੰਮੇਵਾਰੀਆਂ ਵੀ ਹਨ। ਉਹਨਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜਿਸ ਕਾਰਜ ਨਾਲ ਸਾਡੀ ਧਰਤੀ, ਵਾਤਾਵਰਨ ਅਤੇ ਜੀਵ -ਜੰਤੂ, ਮਨੁੱਖਤਾਂ ਦਾ ਨੁਕਸਾਨ ਹੁੰਦਾ ਹੋਵੇ ਦਿਸੇ ਤਾਂ ਸਾਨੂੰ ਅਜਿਹੇ ਕਾਰਜ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਬਾਰੇ ਸੁਚੇਤ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦਾ ਫਲਸਫਾ ਹੀ ਕੁਦਰਤ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਇਸ ਲਈ ਸਾਨੂੰ ਧਰਤੀ ਅਤੇ ਵਾਤਾਵਰਨ ਪੱਖੀ ਅਜਿਹੀਆਂ ਤਕਨੀਕਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਤ ਰਹਿ ਸਕੇ। ਸਟੇਜ ਸੰਚਾਲਨ ਦੌਰਾਨ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਕਿਹਾ ਕਿ ਜ਼ਮੀਨ ਵਿੱਚ ਪਾਇਆ ਜਾਂਦਾ ਜੈਵਿਕ ਮਾਦਾ ਖੂਨ ਦੀ ਤਰ੍ਹਾਂ ਹੁੰਦਾ ਹੈ, ਜਿਵੇਂ ਘੱਟ ਖੂਨ ਹੋਵੇ ਤਾਂ ਮਨੁੱਖੀ ਸਰੀਰ ਕਮਜ਼ੋਰ ਹੋ ਜਾਂਦਾ ਹੈ ਉਸੇ ਤਰ੍ਹਾਂ ਜੇਕਰ ਜਮੀਨ ਵਿੱਚ ਜੈਵਿਕ ਮਾਦਾ ਘੱਟ ਜਾਵੇ ਤਾਂ ਜਮੀਨ ਦੀ ਸਿਹਤ ਖਰਾਬ ਹੋ ਜਾਂਦੀ ਹੈ। ਮਿੱਟੀ ਵਿੱਚ ਮੌਜੂਦ ਜੈਵਿਕ ਮਾਦਾ  ਉਹਨਾਂ ਸੂਖਮ ਜੀਵਾਂ ਦਾ ਮੁੱਖ ਭੋਜਨ ਹੁੰਦਾ ਹੈ ਜੋ ਜੀਵ ਮਿੱਟੀ ਵਿੱਚ ਮੌਜੂਦ ਤੱਤਾਂ ਨੂੰ ਤੋੜ ਕੇ ਪੌਦਿਆਂ ਲਈ ਮਿਲਣ ਯੋਗ ਹਾਲਤਾਂ `ਚ ਤਬਦੀਲ ਕਰ ਦਿੰਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਪਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦੇਣ ਨਾਲ ਇਹ ਜੈਵਿਕ ਮਾਦਾ ਘੱਟ ਜਾਂਦਾ ਹੈ। ਇਸ ਮੌਕੇ  ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਿਹੜੇ ਕਿਸਾਨ ਮਸ਼ੀਨਰੀ ਕਿਰਾਏ ਤੇ ਦੇਣਾ ਜਾਂ ਕਿਰਾਏ ‘ਤੇ ਲੈਣਾ ਚਾਹੁੰਦੇ ਹਨ ਉਹ ਉੱਨਤ ਕਿਸਾਨ ਐਪ ਦੀ ਵਰਤੋਂ ਕਰਨ ਤਾਂ ਜੋ ਮਸ਼ੀਨਰੀ ਦਾ ਸਦਉਪਯੋਗ ਕੀਤਾ ਜਾ ਸਕੇ। ਇਸ ਮੌਕੇ ਨਵਦੀਪ ਸਿੰਘ ਨੇ ਆਏ ਅਧਿਕਾਰੀ ਸਾਹਿਬਾਨ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਾਲ 40 ਹਜਾਰ ਮੀਟ੍ਰਿਕ ਟਨ ਪਰਾਲੀ ਮੇਜਰ ਬਾਇਓ ਫਿਊਲ ਵੱਲੋਂ ਇਕੱਠੀ ਕੀਤੀ ਜਾਵੇਗੀ ਅਤੇ ਰਾਣਾ ਸ਼ੂਗਰ ਮਿਲ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਦੁਆਰਾ 12 ਲੱਖ ਟਨ ਪਰਾਲੀ ਇਕੱਠੀ ਕਰਨ ਦਾ ਟੀਚਾ ਹੈ।ਇਸ ਲਈ ਵੱਧ ਤੋਂ ਵੱਧ ਕਿਸਾਨ ਸਹਿਯੋਗ ਕਰਨਾ। ਇਸ ਮੌਕੇ ਤਹਿਸੀਲਦਾਰ ਲਛਮਣ ਸਿੰਘ, ਰਜਿੰਦਰ ਕੁਮਾਰ ਏਈਓ, ਸੁਖਬੀਰ ਸਿੰਘ ਇੰਜੀਨੀਅਰਿੰਗ ਸ਼ਾਖਾ, ਦਇਆਪ੍ਰੀਤ ਸਿੰਘ ਏਈਓ, ਗੁਰਬਰਿੰਦਰ ਸਿੰਘ ਏਡੀਓ, ਅਮਨਦੀਪ ਸਿੰਘ ਅਤੇ ਇਲਾਕੇ ਦੇ ਵੱਡੀ ਗਿੱਣਤੀ ਵਿਚ ਪਹੁੰਚੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੂਚਨਾ ਸਿੱਖਿਆ ਅਤੇ ਪ੍ਰਸਾਰ ਗਤੀਵਿਧੀਆਂ ਤਹਿਤ ਖੇਤੀ ਸਾਹਿਤ ਵੰਡਿਆ ਗਿਆ ਅਤੇ ਲੋਕ ਕਲਾ ਮੰਚ ਦੁਆਰਾ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਮਿੱਟੀ, ਪਾਣੀ ਅਤੇ ਹਵਾ ਦੀ ਹਿਫਾਜਤ ਕਰਨ ਲਈ ਦੱਸਿਆ ਗਿਆ।