ਪਟਿਆਲਾ ਜ਼ਿਲ੍ਹੇ ਦੇ ਦਰਜਨ ਦੇ ਕਰੀਬ ਪਿੰਡਾਂ 'ਚ ਕੁਦਰਤੀ ਮਲਚਿੰਗ ਨਾਲ ਹੁੰਦੇ ਪਰਾਲੀ ਦਾ ਨਿਪਟਾਰਾ ਤੇ ਕਣਕ ਦੀ ਬਿਜਾਈ

  • ਭਾਰੀ ਜ਼ਮੀਨ 'ਚ ਝੋਨੇ ਦੀ ਖੜੀ ਫ਼ਸਲ 'ਚ ਕਣਕ ਦੀ ਬਿਜਾਈ ਇਕ ਢੁਕਵੀਂ ਵਿਧੀ : ਖੇਤੀਬਾੜੀ ਅਫ਼ਸਰ

ਦੁਧਨਸਾਧਾਂ, 25 ਅਕਤੂਬਰ : ਪਟਿਆਲਾ ਜ਼ਿਲ੍ਹੇ ਦੀ ਦੁਧਨਸਾਧਾਂ ਸਬ ਡਵੀਜ਼ਨ 'ਚ ਦਰਜਨ ਦੇ ਕਰੀਬ ਪਿੰਡ ਵਿੱਚ ਝੋਨੇ ਦੀ ਬਾਸਮਤੀ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ, ਜਿਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕੁਦਰਤੀ ਮਲਚਿੰਗ ਦੀ ਵਿਧੀ ਨਾਲ ਖੇਤਾਂ ਵਿੱਚ ਮਿਲਾਉਣ ਅਤੇ ਝੋਨੇ ਨੂੰ ਅਖੀਰਲਾ ਪਾਣੀ ਲਗਾਉਣ ਸਮੇਂ ਹੀ ਬਿਨਾਂ ਮਸ਼ੀਨਰੀ ਦੀ ਵਰਤੋਂ ਕੀਤਿਆਂ ਕਣਕ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬਲਾਕ ਦੁਧਨਸਾਧਾਂ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਨੇ ਦੱਸਿਆ ਕਿ ਦੁਧਨਸਾਧਾਂ ਸਬ ਡਵੀਜ਼ਨ ਦੇ ਪਿੰਡ ਖਾਨਸਾ, ਰੱਤਾ ਖੇੜਾ, ਮਹਿਤਾਬਗੜ੍ਹ, ਰੋਸ਼ਨਪੁਰ, ਖਤੋਲੀ, ਬੁੱਧ ਮੋਰ, ਖਰਾਬਗੜ੍ਹ, ਜੋਧਪੁਰ, ਬਿੰਜਲ, ਮਹਿਮੂਦਪੁਰ ਰੁੜਕੀ, ਦੁੱਧਨ ਗੁੱਜਰਾ, ਰੋਹੜ ਜੰਗੀਰ, ਲਹਿਰ ਜੰਗੀਰ ਪਿੰਡਾਂ ਵਿੱਚ ਕਿਸਾਨ ਜਦੋਂ ਖ਼ਾਸਕਰ ਬਾਸਮਤੀ ਝੋਨੇ ਨੂੰ ਅਖੀਰਲਾ ਪਾਣੀ ਲਾਉਂਦੇ ਹਨ ਅਤੇ ਉਸ ਸਮੇਂ ਹੀ ਕਿਸਾਨਾਂ ਵੱਲੋਂ ਖੇਤਾਂ ਵਿੱਚ ਕਣਕ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ। ਇਸ ਉਪਰੰਤ ਝੋਨਾ ਪੱਕਣ 'ਤੇ ਉਸ ਦੀ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਲਗਾਉਣ ਅਤੇ ਖੜੇ ਝੋਨੇ 'ਚ ਕਣਕ ਦਾ ਛਿੱਟਾ ਦੇਣ ਵਾਲੇ ਕਿਸਾਨ ਖੇਤਾਂ ਨੂੰ ਅੱਗ ਨਹੀਂ ਲਗਾਉਂਦੇ, ਕਿਉਂਕਿ ਉਹਦੇ ਵਿੱਚ ਕਣਕ ਦੀ ਜਰਮੀਨੇਸ਼ਨ ਹੋਈ ਹੁੰਦੀ ਹੈ, ਭਾਵ ਕਣਕ ਉੱਗੀ ਹੁੰਦੀ ਹੈ ਅਤੇ ਤਕਰੀਬਨ ਦਿੱਖਣ ਵੀ ਲੱਗ ਜਾਂਦੀ ਹੈ ਅਤੇ ਫਿਰ ਉਹ ਝੋਨੇ ਜਾਂ ਬਾਸਮਤੀ ਦੀ ਕਟਾਈ ਉਪਰੰਤ ਇਸ ਕਣਕ ਨੂੰ ਪਹਿਲਾ ਪਾਣੀ ਲਾ ਦਿੰਦੇ ਹਨ ਤੇ ਪਾਣੀ ਤੋਂ ਪਹਿਲਾਂ ਯੂਰੀਆ ਤੇ ਡੀਏਪੀ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਖੜੀ ਪਰਾਲੀ ਜਾਂ ਫੂਸ ਜਾਂ ਕਰਚੇ ਹੁੰਦੇ ਹਨ ਉਹ ਪਾਣੀ ਦੇ ਨਾਲ ਰਲ ਜਾਂਦੇ ਹਨ ਇਹ ਇਕ ਕੁਦਰਤੀ ਤੌਰ ਤੇ ਮਲਚਰ ਦਾ ਕੰਮ ਕਰਦੇ ਹਨ। ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਹ ਵਿਧੀ ਭਾਰੀਆਂ ਜ਼ਮੀਨਾਂ ਵਿੱਚ ਜਿਥੇ ਪਾਣੀ ਜਜ਼ਬ ਹੋਣ ਵਿੱਚ ਸਮਾਂ ਲੱਗਦਾ ਹੈ, ਉਥੇ ਇਹ ਵਿਧੀ ਬਹੁਤ ਕਾਮਯਾਬ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਖਾਦਾਂ ਦੀ ਵਰਤੋਂ ਵੀ ਇਸ ਜ਼ਮੀਨ ਵਿੱਚ ਬਹੁਤ ਘੱਟਦੀ ਹੁੰਦੀ ਹੈ।