77ਵੇ ਆਜ਼ਾਦੀ ਦਿਹਾੜੇ ਤੇ ਫ਼ਰੀਦਕੋਟ ਵਿਖੇ ਖੇਤੀਬਾੜੀ ਮੰਤਰੀ ਖੁੱਡੀਆ ਨੇ ਲਹਿਰਾਇਆ ਤਿਰੰਗਾ ਝੰਡਾ

  • ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਰਗਾਂ ਲਈ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਬਾਰੇ ਦਿੱਤੀ ਜਾਣਕਾਰੀ

ਫਰੀਦਕੋਟ 16 ਅਗਸਤ : ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਅਤੇ ਇਤਿਹਾਸਕ ਨਗਰੀ ਫਰੀਦਕੋਟ ਵਿੱਚ ਨਹਿਰੂ ਸਟੇਡੀਅਮ ਵਿਖੇ ਪੰਜਾਬ ਦੇ ਪਸ਼ੂ ਪਾਲਣ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੌਮੀ ਝੰਡਾ ਲਹਿਰਾਇਆ  ਅਤੇ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ।ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ, ਹਲਕਾ ਜੈਤੋ ਤੋਂ ਵਿਧਾਇਕ ਸ੍ਰੀ ਅਮੋਲਕ ਸਿੰਘ, ਐਮ ਪੀ ਮੁਹੰਮਦ ਸਦੀਕ,ਸ.ਸੁਖਜੀਤ ਸਿੰਘ ਢਿੱਲਵਾਂ ਚੈਅਰਮੈਨ ਜਿਲ੍ਹਾ ਯੋਜਨਾ ਬੋਰਡ, ਸ.ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ੍ਰੀ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਉਨ੍ਹਾਂ ਜਿਥੇ ਆਜ਼ਾਦੀ ਸੰਗਰਾਮ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਥੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਰਵੀਰਾਂ ਅਤੇ ਮਹਾਨ ਕ੍ਰਾਂਤੀਕਾਰੀਆਂ ਵਲੋਂ ਦੇਸ਼ ਦੀ ਆਜ਼ਾਦੀ ਅਤੇ ਪਰਜਾ ਮੰਡਲ ਲਹਿਰ ਵਿੱਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜਿਲ੍ਹੇ ਦੀ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇਸਦੇ ਸਰਬਪੱਖੀ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜੇ ਕਿਸਾਨਾਂ ਦੀ ਮੀਂਹ ਕਾਰਨ ਝੋਨੇ ਦੀ ਫਸਲ ਖ਼ਰਾਬ ਹੋਈ ਸੀ, ਉਨਾਂ ਨੂੰ ਝੋਨੇ ਦੀ ਪਨੀਰੀ ਮੁਫਤ ਮੁਹੱਈਆ ਕਰਵਾਉਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਦੁਬਾਰਾ ਝੋਨਾ ਲਗਾਉਣ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਫਰੀਦਕੋਟ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ 1200 ਏਕੜ ਝੋਨੇ ਦੀ ਪਨੀਰੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 39,558 ਪਸ਼ੂਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਖੋਲ੍ਹੇ ਗਏ 583 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ 76 ਹੋਰ ਨਵੇਂ ਕਲੀਨਿਕ ਖੋਲ੍ਹ ਦਿੱਤੇ ਗਏ ਹਨ। ਫਰੀਦਕੋਟ ਜਿਲ੍ਹੇ ਵਿੱਚ 11 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਨਵੀਆਂ ਮਸ਼ੀਨਾਂ ਲਗਾਉਣ ਲਈ 72.20 ਕਰੋੜ ਦਾ ਬਜਟ ਪ੍ਰਵਾਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ 855 ਹੈਕਟੇਅਰ ਰਕਬਾ ਨਰਮੇ ਦੀ ਬਿਜਾਈ ਅਧੀਨ ਹੈ ਅਤੇ ਵੱਖ-ਵੱਖ ਪਿੰਡਾਂ ਵਿਚ 36 ਕਲਸਟਰ ਪ੍ਰਦਰਸ਼ਨੀਆਂ (ਪ੍ਰਦਰਸ਼ਨੀ ਪ੍ਰਤੀ 02 ਏਕੜ) ਬਿਜਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮੋਟੇ ਅਨਾਜਾਂ (ਮਿਲਟਸ) ਹੇਠ 40 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਹਿਰੀ ਟੇਲਾਂ ਉਤੇ ਪੈਂਦੇ ਖੇਤਾਂ ਨੂੰ ਦਹਾਕਿਆਂ ਬਾਅਦ ਸਿੰਜਾਈ ਲਈ ਨਹਿਰੀ ਪਾਣੀ ਮਿਲਿਆ ਹੈ। ਜਲ ਸਰੋਤ ਵਿਭਾਗ ਦੇ ਉਪਰਾਲਿਆਂ ਸਦਕਾ 14000 ਦੇ ਕਰੀਬ ਬੰਦ ਪਏ ਨਹਿਰੀ ਖਾਲੇ ਮੁੜ ਚਾਲੂ ਕੀਤੇ ਗਏ।