ਮੁਕਤਸਰ ਸਾਹਿਬ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਬੱਚੇ ਗੰਭੀਰ ਜ਼ਖਮੀ

ਮੁਕਤਸਰ ਸਾਹਿਬ, 6 ਅਗਸਤ : ਮੁਕਤਸਰ ਸਾਹਿਬ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਬੱਚੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਮਲਬੇ ਹੇਠੋਂ ਕੱਢਿਆ। ਜ਼ਖਮੀ ਬੱਚਿਆਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਘਰ ਵਿੱਚ ਤਿੰਨ ਭਰਾ ਰਹਿੰਦੇ ਹਨ ਜੋ ਕਿ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਐਤਵਾਰ ਸਵੇਰੇ ਬੱਚੇ ਗਲੀ ‘ਚ ਖੇਡ ਰਹੇ ਸਨ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਬੱਚੇ ਮਲਬੇ ਹੇਠਾਂ ਦੱਬ ਗਏ। ਜਿਸ ਨੂੰ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿਸ ਵਿੱਚ ਮੋਹਿਤ (14), ਹਰਸ਼ (15), ਗੌਤਮ (12), ਪਵਨ (13), ਸ਼ਿਵ (12), ਅਮਨ (12), ਸੁਖਮਨ (4) ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਊਸ਼ਾ ਬਾਂਸਲ ਨਰਸਿੰਗ ਹੋਮ ਦੇ ਡਾ: ਮੁਕੇਸ਼ ਬਾਂਸਲ ਨੇ ਦੱਸਿਆ ਕਿ 7 ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ-ਦੋ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਹਨ। ਕਿਸੇ ਦੀ ਬਾਂਹ ਅਤੇ ਕਿਸੇ ਦਾ ਜਬਾੜਾ ਟੁੱਟ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।