ਪੰਜਾਬ ‘ਚ 40 ਵੱਡੇ ਹਸਪਤਾਲ ਖੁੱਲ੍ਹਣਗੇ, ਇਲਾਜ ਤੋਂ ਲੈ ਕੇ ਦਵਾਈ ਸਾਰਾ ਕੁਝ ਹੋਵੇਗਾ ਫ੍ਰੀ : ਅਰਵਿੰਦ ਕੇਜਰੀਵਾਲ

ਪਟਿਆਲਾ, 02 ਅਕਤੂਬਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਵਿਚ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਸਪੈਸ਼ਲ ਯੂਨਿਟ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਅੰਦਰ ਜਾ ਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਨੇ ਪਟਿਆਲਾ-ਸੰਗਰੂਰ ਰੋਡ ਸਥਿਤ ਨਿਊਪੋਲੋ ਗਰਾਊਂਡ ਵਿਚ ਸਿਹਤਮੰਦ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ 550 ਕਰੋੜ ਨਾਲ ਹਸਪਤਾਲਾਂ ਦੇ ਹਾਲਾਤ ਸੁਧਰਨਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਹੈਰਾਨੀ ਹੋਈ ਹੈ ਕਿ ਪੰਜਾਬ ਦੇ ਹਸਪਤਾਲਾਂ ਵਿਚ ਆਈਸੀਯੂ ਦੀ ਭਾਰੀ ਕਮੀ ਹੈ ਤੇ ਜ਼ਿਆਦਾਤਰ ਥਾਵਾਂ ‘ਤੇ ਆਈਸੀਯੂ ਹੀ ਨਹੀਂ ਹੈ। ਮੁਹੱਲਾ ਕਲੀਨਿਕ ਪਹਿਲਾ ਪੜਾਅ ਹੋਵੇਗਾ ਜਿਥੋਂ ਰੋਗ ਦਾ ਪਹਿਲੀ ਸਟੇਜ ‘ਤੇ ਹੀ ਇਲਾਜ ਹੋਵੇਗਾ। ਬੀਮਾਰੀ ਗੰਭੀਰ ਹੋਈ ਤਾਂ ਅਗਲੇ ਲੈਵਲ ‘ਤੇ ਵੱਡੇ ਹਸਪਤਾਲ ਮੁਹੱਈਆ ਕਰਵਾਏ ਜਾਣਗੇ। ਸੂਬੇ ਭਰ ਵਿਚ 40 ਵੱਡੇ ਹਸਪਤਾਲ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਹਸਪਤਾਲਾਂ ਵਿਚ ਇਲਾਜ ਤੋਂ ਲੈ ਕੇ ਦਵਾਈ ਸਾਰਾ ਕੁਝ ਫ੍ਰੀ ਹੋਵੇਗਾ ਤੇ ਇਹ ਇਲਾਜ ਇਕ ਹਜਾਰ ਦਾ ਹੋਵੇ ਜਾਂ ਫਿਰ 50 ਲੱਖ ਰੁਪਏ ਦਾ, ਇਸ ਨੂੰ ਲੋੜਵੰਦ ਹੀ ਨਹੀਂ ਸਗੋਂ ਅਮੀਰ ਲੋਕ ਵੀ ਇਥੇ ਇਲਾਜ ਕਰਵਾ ਸਕਣਗੇ। ਪੰਜਾਬ ਵਿਚ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਦੇ ਮੁੱਦੇ ‘ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਰਿਸ਼ਵਤਖੋਰੀ ਕਰਨ ਵਾਲੇ ਲੋਕਾਂ ਨੂੰ ਫੜਨ ਦੇ ਬਾਅਦ ਇਨ੍ਹਾਂ ਨੂੰ ਜੇਲ੍ਹਾਂ ਤੱਕ ਪਹੁੰਚਾਉਣ ਤੇ ਰਿਸ਼ਵਤ ਨਾਲ ਕਮਾਏ ਪੈਸਿਆਂ ਨੂੰ ਵਸੂਲ ਕੀਤਾ ਜਾਵੇਗਾ। ਇਨ੍ਹਾਂ ਪੈਸਿਆਂ ਨੂੰ ਸੂਬੇ ਦੇ ਵਿਕਾਸ ਕੰਮਾਂ ਵਿਚ ਲਗਾਵਾਂਗੇ। ਲੋਕਾਂ ਨੂੰ ਸਰਕਾਰੀ ਆਫਿਸ ਵਿਚ ਆਪਣਾ ਕੰਮ ਕਰਵਾਉਣ ਲਈ ਧੱਕੇ ਨਹੀਂ ਖਾਣੇ ਪੈਣਗੇ ਸਗੋਂ ਇਕ ਹੈਲਪਲਾਈਨ ਨੰਬਰ ਜਾਰੀ ਕਰਕੇ ਅਧਿਕਾਰੀਆਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਗੇ।