ਕਬੱਡੀ ਖਿਡਾਰੀ ਕਿੰਦਾ ਤੇ ਉਸਦੀ ਮਾਂ ’ਤੇ ਹੋਏ ਹਮਲੇ ਮਾਮਲੇ ’ਚ 4 ਲੋਕਾਂ ਨੂੰ 4 ਪਿਸਤੌਲਾਂ ਅਤੇ 8 ਲੱਖ ਨਗਦੀ ਸਣੇ ਗ੍ਰਿਫ਼ਤਾਰ 

  • ਬੱਧਨੀ ਕਲ੍ਹਾਂ ਦੇ ਕਬੱਡੀ ਖਿਡਾਰੀ ਦੀ ਮਾਂ ਤੇ ਜਾਨਲੇਵਾ ਹਮਲੇ ਦੇ ਇਲਜ਼ਾਮ

ਬੱਧਨੀ, 22 ਜੂਨ : ਪਿੰਡ ਬੱਧਨੀ ਕਲ੍ਹਾਂ ਦੇ ਇੱਕ ਕਬੱਡੀ ਖਿਡਾਰੀ ਦੇ ਘਰ ਤੇ ਦੇਰ ਰਾਤ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੇ ਖ਼ੁਦ ਲਾਈਵ ਹੋ ਕੇ ਆਪਣੀ ਮਾਂ ਤੇ ਹਮਲਾ ਕਰਨ ਦੇ ਇਲਜ਼ਾਮ ਲਾਏ। ਕਬੱਡੀ ਖਿਡਾਰੀ ਦੇ ਇਲਜ਼ਾਮ ਨੇ ਕਿ ਉਸਦੀ ਗੇਮ ਕਰਕੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ। ਵੀਡੀਓ ਵਿੱਚ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਨਾਲ ਹੀ ਉਸਦੀ ਮਾਤਾ ਖੂਨ ਨਾਲ ਲਥਪਥ ਨਜ਼ਰ ਆ ਰਹੀ ਹੈ। ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਕੁਲਵਿੰਦਰ ਦੀ ਮਾਤਾ ਇਸ ਵੇਲੇ ਡੀਐਮਸੀ ਲੁਧਿਆਣਾ ਚ ਭਰਤੀ ਹੈ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਮੌਕਾ-ਏ-ਵਾਰਦਾਤ ਦਾ ਜਾਇਜ਼ਾ ਲਿਆ। ਡੀਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਮਹਿਲਾ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ, ਸਿਰਫ਼ ਮਹਿਲਾ ਤੇ ਹੀ ਵਾਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਘਰ ਵਿੱਚ ਕੁਲਵਿੰਦਰ, ਉਹਨਾਂ ਦੇ ਪਿਤਾ ਤੇ ਮਾਤਾ ਰਹਿੰਦੇ ਹਨ। ਪੁਲਿਸ ਅਧਿਕਾਰੀ ਸੀਸੀਟੀਵੀ ਚੈਕ ਕਰ ਰਹੇ ਹਨ ਅਤੇ ਜਲਦ ਮਾਮਲਾ ਹੱਲ ਕਰਨ ਦੀ ਗੱਲ ਕਹਿ ਰਹੇ ਹਨ। ਕਬੱਡੀ ਖਿਡਾਰੀਆਂ ਦੀ ਆਪਸੀ ਲੜਾਈ, ਕਬੱਡੀ ਖਿਡਾਰੀਆਂ ਤੇ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ।  

ਕਬੱਡੀ ਖਿਡਾਰੀ ਕਿੰਦਾ ਤੇ ਉਸਦੀ ਮਾਂ ’ਤੇ ਹੋਏ ਹਮਲੇ ਮਾਮਲੇ ’ਚ 4 ਲੋਕਾਂ ਨੂੰ 4 ਪਿਸਤੌਲਾਂ ਅਤੇ 8 ਲੱਖ ਨਗਦੀ ਸਣੇ ਗ੍ਰਿਫ਼ਤਾਰ 
ਇਸ ਮਾਮਲੇ ’ਚ ਪੁਲਿਸ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਦੱਸਿਆ ਕਿ ਕਬੱਡੀ ਖਿਡਾਰੀ ਕਿੰਦਾ ਤੇ ਉਸਦੀ ਮਾਂ ’ਤੇ ਹੋਏ ਹਮਲੇ ਮਾਮਲੇ ’ਚ 4 ਲੋਕਾਂ ਨੂੰ 4 ਪਿਸਤੌਲਾਂ 32 ਬੋਰ ਅਤੇ 8 ਲੱਖ ਰੁਪਏ ਨਗਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦਾ ਸਬੰਧ ਅਮਰੀਕਾ ’ਚ ਬੈਠੇ ਮਨੀ ਭਿੰਡਰ ਨਾਮ ਦੇ ਗੈਂਗਸਟਰ ਨਾਲ ਹੈ। ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਸੂਰਜ ਮਸੀਹ ਅਤੇ ਕਮਲਜੀਤ ਸਿੰਘ ਯੂਪੀ ਦੇ ਮੁਰਾਦਾਬਾਦ ਤੋਂ 4 ਪਿਸਤੌਲ ਲੈਕੇ ਆਏ ਸਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਤਲਵੰਡੀ ਭੰਗੇਰੀਆ ਕੋਲ 4 ਸ਼ੱਕੀ ਵਿਅਕਤੀ ਖੜ੍ਹੇ ਹਨ ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੂਰਜ ਮਸੀਹ, ਕਮਲਜੀਤ ਸਿੰਘ, ਦਵਿੰਦਰ ਸਿੰਘ ਅਤੇ ਮਨਪ੍ਰੀਤ ਵਜੋਂ ਹੋਈ ਹੈ। ਇਨ੍ਹਾਂ ਚਾਰੋ ਆਰੋਪੀਆਂ ਨੂੰ ਮੋਗਾ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਸ਼ੱਕ ਹੈ ਕਿ ਅਮਰੀਕਾ ’ਚ ਬੈਠੇ ਮਨਪ੍ਰੀਤ ਸਿੰਘ ਉਰਫ਼ ਮਨੀ ਭਿੰਡਰ ਦੇ ਤਾਰ ਗੋਲਡੀ ਬਰਾੜ ਨਾਲ ਜੁੜੇ ਹੋ ਸਕਦੇ ਹਨ। ਪੁਲਿਸ ਮੁਤਾਬਕ ਮਨਪ੍ਰੀਤ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਹਾਲਾਂਕਿ ਉਹ ਅਮਰੀਕਾ ਕਿਵੇਂ ਪਹੁੰਚਿਆ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀ ਭਿੰਡਰ ’ਤੇ ਅਸਲਾ ਅਤੇ ਐਨ. ਡੀ. ਪੀ. ਐੱਸ. (NDPS) ਤਹਿਤ 7 ਮਾਮਲੇ ਦਰਜ ਹਨ।