ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਸਬੰਧਤ 4 ਮੁਲਜ਼ਮ ਨਜਾਇਜ਼ ਅਸਲੇ ਸਮੇਤ ਕਾਬੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਅਗਸਤ : ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਤੇ 15 ਅਗਸਤ ਨੂੰ ਮੱਦੇਨਜਰ ਰੱਖਦੇ ਹੋਏ ਕੀਤੀ ਜਾ ਰਹੀ ਸਖਤ ਚੈਕਿੰਗ ਦੌਰਾਨ ਅਕਾਸ਼ਦੀਪ ਸਿੰਘ ਔਲਖ, ਕਪਤਾਨ ਪੁਲਿਸ (ਸ਼ਹਿਰੀ) ਅਤੇ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਸ਼ਹਿਰੀ 1/ਟ੍ਰੈਫਿਕ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਰਜਨੀਸ਼ ਚੌਧਰੀ, ਮੁੱਖ ਅਫਸਰ, ਥਾਣਾ ਫੇਸ 01, ਮੋਹਾਲੀ ਅਤੇ ਥਾ: ਅਭਿਸ਼ੇਕ ਸ਼ਰਮਾ, ਇੰਚ: ਚੌਕੀ ਫੇਸ 6, ਮੋਹਾਲੀ ਵੱਲੋ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ ਸਮੇਤ ਕਾਰਤੂਸ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 28.07.2023 ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ ਨਿੰਦੀ ਨੇ ਨਜਾਇਜ ਪਿਸਤੌਲ ਰੱਖਿਆ ਹੋਇਆ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਜਿਸ ਤੇ ਤੁਰੰਤ ਮੁਕੱਦਮਾ ਨੰਬਰ: 140 ਮਿਤੀ 28.07.2023 ਅ/ਧ 25 ਅਸਲਾ ਐਕਟ, ਥਾਣਾ ਫੇਸ 01, ਮੋਹਾਲੀ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਥਾ: ਅਭੀਸ਼ੇਕ ਸ਼ਰਮਾ ਵੱਲੋ ਅਮਲ ਵਿੱਚ ਲਿਆਦੀ ਗਈ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨੂੰ ਸਮੇਤ ਪਿਸਤੌਲ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇਹ ਪਿਸਤੌਲ ਯੂ.ਪੀ. ਦੇ ਮੁਸੇਰ ਸ਼ਹਿਰ ਤੋ 10,000/- ਰੁਪਏ ਵਿੱਚ ਖ੍ਰੀਦ ਕੀਤਾ ਸੀ। ਮੁਕੱਦਮਾ ਵਿੱਚ ਅਗਲੇਰੀ ਤਫਤੀਸ਼ ਇੰਸ: ਰਜਨੀਸ਼ ਚੋਧਰੀ, ਮੁੱਖ ਅਫਸਰ, ਥਾਂਣਾ ਫੇਸ 01, ਮੋਹਾਲੀ ਵੱਲੋ ਅਮਲ ਵਿੱਚ ਲਿਆਂਦੇ ਹੋਏ ਨਰਿੰਦਰ ਸਿੰਘ ਉਰਫ ਨਿੰਦੀ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਤੋ ਉਸ ਨੇ ਮੰਨਿਆ ਕਿ ਉਸਨੇ ਇੱਕ ਹੋਰ ਪਿਸਤੌਲ ਉਸਦੇ ਪਿੰਡ ਦੇ ਹੀ ਕੁਲਵੰਤ ਸਿੰਘ ਤੋਂ ਲਿਆ ਸੀ। ਜਿਸਦੇ ਅਧਾਰ ਪਰ ਕੁਲਵੰਤ ਸਿੰਘ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਪਾਸੋਂ ਉਸ ਦੀ ਨਿਸ਼ਾਨ ਦੇਹੀ ਤੇ ਇੱਕ ਹੋਰ ਦੇਸੀ ਪਿਸਟਲ ਸਮੇਤ 6 ਜਿੰਦਾ ਕਾਰਤੂਸ ਬ੍ਰਾਮਦ ਕਰਵਾਏ ਗਏ। ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੁਲਵੰਤ ਸਿੰਘ, ਜੋ ਕਿ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਸਬੰਧਤ ਹੈ, ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਹ ਪਿਸਤੌਲ ਅਮਰਿੰਦਰ ਸਿੰਘ ਉਰਫ ਕੈਪਟਨ ਪਾਸੋਂ ਲਿਆ ਸੀ। ਜਿਸ ਨੇ ਇਹ ਵੀ ਦੱਸਿਆ ਕਿ ਉਸਨੇ ਅਮਰਿੰਦਰ ਸਿੰਘ ਉਰਫ ਕੈਪਟਨ, ਲਵੀਸ਼ ਕੁਮਾਰ ਉਰਫ ਲਵੀ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੋਹਾਲੀ ਦੇ ਵੱਡੇ ਵਪਾਰੀ ਪਾਸੋਂ ਲੁੱਟ ਖੋਹ ਕਰਨੀ ਸੀ। ਜਿਨ੍ਹਾਂ ਦੀ ਰੈਕੀ ਲਵੀਸ਼ ਕੁਮਾਰ ਅਤੇ ਨਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਜਿਸਦੀ ਪੁੱਛਗਿੱਛ ਦੇ ਅਧਾਰ ਤੇ ਅਮਰਿੰਦਰ ਸਿੰਘ ਉਰਫ ਕੈਪਟਨ ਅਤੇ ਲਵੀਸ਼ ਕੁਮਾਰ ਨੂੰ ਨਾਮਜਦ ਕਰਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ। ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਸਮੇ ਉਸਦੇ ਸਹਿ ਦੋਸ਼ੀ ਪਰਮਪ੍ਰਤਾਪ ਸਿੰਘ, ਜਿਸਨੇ ਪੁਲਿਸ ਪਾਰਟੀ ਤੋਂ ਅਮਰਿੰਦਰ ਸਿੰਘ ਉਰਫ ਕੈਪਟਨ ਨੂੰ ਗ੍ਰਿਫਤਾਰ ਕਰਦੇ ਸਮੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ, ਨੂੰ ਵੀ ਮੌਕੇ ਤੇ ਨਾਮਜਦ ਕਰਕੇ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਅਮਰਿੰਦਰ ਸਿੰਘ ਉਰਫ ਕੈਪਟਨ ਨੇ ਮੰਨਿਆ ਕਿ ਉਹ ਇੰਦੋਰ ਤੋਂ ਸਾਲ 2021 ਵਿੱਚ 02 ਪਿਸਤੌਲ ਅਤੇ 9 ਕਾਰਤੂਸ, ਜੋ 55,000/55,000 ਰੁਪਏ ਵਿੱਚ ਖ੍ਰੀਦ ਕਰਕੇ ਲਿਆਇਆ ਸੀ। ਜਿਨ੍ਹਾ ਵਿੱਚੋ ਉਸ ਨੇ ਇੱਕ ਪਿਸਤੌਲ ਅਤੇ 2 ਕਾਰਤੂਸ ਕੁਲਵੰਤ ਸਿੰਘ ਉਕਤ ਅਤੇ ਇੱਕ ਪਿਸਤੌਲ ਸਮੇਤ 7 ਕਾਰਤੂਸ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਦਿੱਤਾ ਸੀ। ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਯਾਦਵਿੰਦਰ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਵਿੱਚ ਨਾਮਜਦ ਕੀਤਾ ਗਿਆ। ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ।