“ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307 ਵਾਂ ਸ਼ਹੀਦੀ ਦਿਹਾੜਾ

  • ਭਵਨ ਰਕਬਾ ਵਿਖੇ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ”

ਮੁੱਲਾਂਪੁਰ ਦਾਖਾ, 9 ਜੂਨ : ਭਵਨ ਰਕਬਾ ਵਿਖੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307 ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਊਂਡੇਸ਼ਨ ਅਤੇ ਵੈਰਾਗੀ ਮਹਾਂ-ਮੰਡਲ ਪੰਜਾਬ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਬਲਦੇਵ ਬਾਵਾ ਕਨਵੀਨਰ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਸ਼ਟਰੀ ਫਾਊਂਡੇਸ਼ਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਜ਼ਬਰ ਅਤੇ ਜ਼ੁਲਮ ਦਾ ਨਾਸ਼ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਇਤਿਹਾਸ ਵਿੱਚ ਪਹਿਲੀ ਵਾਰ ਆਮ ਅਨਟ੍ਰੇਡ ਲੋਕਾਂ ਵੱਲੋਂ ਗੋਲਾ ਬਰੂਦ ਨਾਲ ਲੈਸ ਟ੍ਰੇਡ ਫੌਜ ਦਾ ਮੁਕਾਬਲਾ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸੈਂਕੜੇ ਸਾਲਾਂ ਦੇ ਮੁਗਲ਼ ਰਾਜ ਨੂੰ ਕੇਵਲ ਅੱਠ ਸਾਲਾਂ ਦੇ ਸਮੇਂ ਵਿੱਚ ਹੀ ਖ਼ਤਮ ਕਰ ਦਿੱਤਾ। ਮੁਗਲ਼ ਫੌਜਾਂ ਨੇ 1715 ਈ: ਨੂੰ ਧੋਖੇ ਨਾਲ ਬਾਬਾ ਜੀ ਅਤੇ 740 ਸਿੰਘਾਂ ਨੂੰ ਗੁਰਦਾਸ ਨੰਗਲ ਗੜ੍ਹੀ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਅਤੇ 9 ਜੂਨ 1716 ਨੂੰ ਦਿੱਲੀ ਮਹਿਰੋਲੀ ਵਿਖੇ ਉਹਨਾਂ ਦੇ 4 ਸਾਲਾਂ ਸਪੁੱਤਰ ਅਜੈ ਸਿੰਘ ਦੇ ਨਾਲ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।ਬਾਬਾ ਜੀ ਨੂੰ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਸ਼ਾਂਤੀ ਸਥਾਪਤ ਕਰਨ ਲਈ ਕੁਰਬਾਨੀ ਦੇ ਪੁੰਜ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਸ. ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਕਿਹਾ ਕਿ ਬਾਬਾ ਜੀ ਕਿਸਾਨੀ ਦੇ ਮੁਕਤੀ ਦਾਤਾ ਸਨ,ਜਿਨ੍ਹਾਂ ਦੀ ਕਿਸਾਨੀ ਪ੍ਰਤੀ ਦੇਣ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਜਨ ਬਾਵਾ, ਸ. ਕੁਲਦੀਪ ਸਿੰਘ, ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ, ਮੈਡਮ ਰਾਜਵਿੰਦਰ ਕੌਰ,ਸ. ਜਸਵੀਰ ਸਿੰਘ, ਸ. ਇੰਦਰਜੀਤ ਸਿੰਘ, ਸ. ਤਾਰਾ ਸਿੰਘ ਤਲਵੰਡੀ, ਯੁਵਰਾਜ ਬਾਵਾ ਅਤੇ ਪ੍ਰਿਯੰਕਾ ਬਾਵਾ ਹਾਜ਼ਰ ਸਨ।