ਐਸ਼ਬਨ ਬੀੜ ਨੇੜੇ ਦੇਖੇ ਗਏ ਤੇਂਦੂਏ ਨੂੰ ਫੜਨ ਲਈ 24X7 ਰੈਪਿਡ ਰਿਸਪਾਂਸ ਟੀਮ ਤਾਇਨਾਤ, ਪਿੰਜਰਾ ਵੀ ਲਗਾਇਆ 

  • ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਮਿਲਦਿਆਂ ਹੀ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਹਦਾਇਤ
  • ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਹੈਲਪਲਾਈਨ ਨੰਬਰ 92166-50002 'ਤੇ ਤੁਰੰਤ ਦਿੱਤੀ ਜਾਵੇ ਸੂਚਨਾ

ਸੰਗਰੂਰ, 16 ਸਤੰਬਰ : ਸੰਗਰੂਰ ਵਿਖੇ ਸਥਿਤ ਐਸ਼ਬਨ ਬੀੜ ਵਾਈਲਡਲਾਈਫ ਸੈਂਕਚੁਏਰੀ ਨੇੜੇ ਤੇਂਦੂਆ ਨਜ਼ਰ ਆਉਣ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਤੁਰੰਤ ਐਕਸ਼ਨ ਲੈਂਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਤੇਂਦੂਆ ਫੜਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਹੀਆਂ ਰੋਡ ਉਤੇ ਸਥਿਤ ਇਸ ਬੀੜ ਵਿੱਚ ਚੌਕਸੀ ਰੱਖਣ ਲਈ ਡੀ.ਐਫ.ਓ ਵਿਦਿਆ ਸਾਗਰੀ ਦੀ ਅਗਵਾਈ ਅਤੇ ਸੰਗਰੂਰ ਵਣ ਰੇਂਜ ਅਫ਼ਸਰ ਦੀ ਨਿਗਰਾਨੀ ਹੇਠ 24X7 ਰੈਪਿਡ ਰਿਸਪਾਂਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬੀੜ ਨੇੜੇ ਢੁਕਵੇਂ ਥਾਂ ਤੇ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਇਸ ਮਾਮਲੇ ਵਿੱਚ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਅਹਿਤਿਆਤੀ ਤੌਰ 'ਤੇ ਇਸ ਬੀੜ ਦੇ ਆਲੇ ਦੁਆਲੇ ਵਸੇ ਪਿੰਡਾਂ ਵਿੱਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਹੈਲਪਲਾਈਨ ਨੰਬਰ 92166-50002 ਅਤੇ 01672-234293 ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਵਿਅਕਤੀ ਵੱਲੋਂ ਤੇਂਦੂਏ ਸਬੰਧੀ ਸੂਚਨਾ ਦੇਣ ਹਿੱਤ ਇਸ ਹੈਲਪਲਾਈਨ ਨੰਬਰ ਤੇ ਸੰਪਰਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਤੱਕ ਇਸ ਤੇਂਦੂਏ ਨੂੰ ਫੜਨ ਵਿਚ ਸਫਲਤਾ ਨਾ ਮਿਲੀ ਤਾਂ ਛੱਤਬੀੜ ਤੋ ਮਾਹਿਰ ਟੀਮ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਬੀੜ ਦੇ ਆਲੇ ਦੁਆਲੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।