ਝੋਨਾ ਉਤਪਾਦਕ ਕਿਸਾਨਾਂ ਨੂੰ ਹੁਣ ਤੱਕ  21 ਹਜਾਰ ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ : ਕਟਾਰੂਚੱਕ

  • ਸਰਕਾਰੀ ਖਰੀਦ ਏਜੰਸੀਆਂ ਵਲੋਂ ਲੱਗਭਗ 134 ਲੱਖ ਮੀਟਰਕ ਟਨ ਝੋਨੇ ਦੀ ਕੀਤੀ ਜਾ ਚੁੱਕੀ ਹੈ ਖਰੀਦ
  • ਖੁਰਾਕ ਸਪਲਾਈ ਮੰਤਰੀ ਨੇ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਸ੍ਰੀ ਮੁਕਤਸਰ ਸਾਹਿਬ , 8 ਨਵੰਬਰ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸੂਚਾਰੂ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਸ੍ਰੀ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ 21 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਸਬੰਧਿਤ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਅਨਾਜ ਮੰਡੀਆ ਵਿੱਚ ਹੁਣ ਤਕ 137 ਲੱਖ ਮੀਟਰ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 134 ਲੱਖ ਮੀਟਰ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲੱਗਭਗ 112 ਲੱਖ ਮੀਟਰ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਖੂਨ ਪਸੀਨਾ ਇੱਕ ਕਰਕੇ ਪੈਦਾ ਕੀਤੀ ਗਈ ਫਸਲ ਨੂੰ ਸਰਕਾਰ ਵਲੋਂ ਖਰੀਦਿਆ ਜਾਵੇਗਾ ਅਤੇ ਅਨਾਜ ਮੰਡੀਆ ਵਿੱਚ ਪੁਖਤਾ ਪ੍ਰਬੰਧ ਹੋਣ ਕਾਰਨ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਖਰੀਦਣ ਉਪਰੰਤ ਉਸਦੇ ਖਾਤਿਆਂ 24 ਘੰਟੇ ਵਿੱਚ ਬਣਦੀ ਰਕਮ ਪਾਈ ਜਾ ਰਹੀ। ਉਹਨਾਂ ਕਿਹਾ ਕਿ ਅਨਾਜ ਮੰਡੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸਿ਼ਆਂ ਨਹੀਂ ਜਾਵੇਗਾ ਅਤੇ ਸਰਕਾਰ ਵਲੋਂ ਉਸਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾ ਇਸ ਮੌਕੇ ਤੇ ਕਿਹਾ ਕਿ ਪਰਾਲੀ ਦੇ ਧੂਏ ਤੇ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਵਲੋਂ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀਆਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸੁੱਧਤਾ ਲਈ ਝੋਨੇ ਦੀ ਪਰਾਲੀ ਅਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਪਰਾਲੀ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇ। ਇਸ ਮੌਕੇ ਤੇ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ, ਸ੍ਰੀ ਸੁਰਜੀਤ ਸਿੰਘ  ਸੰਧੂ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਪ੍ਰਿਤਪਾਲ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ, ਸ੍ਰੀ ਸੁਖਜਿੰਦਰ ਸਿੰਘ ਕਾਕਾ ਉੜਾਂਗ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਸ੍ਰੀ ਸੁਖਜਿੰਦਰ ਸਿੰਘ ਡੀ.ਐਫ.ਐਸ.ਸੀ, ਸ੍ਰੀ ਗੋਰਵ ਗਰਗ ਡੀ.ਐਮ.ਓ,ਸ੍ਰੀ ਗੁਰਤਾਰ ਸਿੰਘ ਡੀ.ਐਫ.ਐਸ.ਓ., ਸ੍ਰੀ ਅੰਮ੍ਰਿਤਪਾਲ ਸਿੰਘ ਡੀ.ਐਫ.ਓ, ਸ੍ਰੀ ਸੁਖਜਿੰਦਰ ਸਿੰਘ ਬਬਲੂ ਬਰਾੜ, ਸ੍ਰੀ ਹੇਮਰਾਜ, ਸ੍ਰੀ ਪੀਪਲ ਸਿੰਘ, ਸ੍ਰੀ ਹਰਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਤੇ ਉਹਨਾਂ ਅਨਾਜ ਮੰਡੀ ਵਿੱਚ ਕਿਸਾਨਾਂ, ਮੰਡੀ ਮਜਦੂਰਾਂ, ਆੜਤੀਆਂ ਦੀਆਂ ਮੁਸਕਲਾਂ ਵੀ ਸੁਣੀਆਂ।