ਨਸ਼ੇ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਜਿ਼ਲ੍ਹੇ ਵਿਚ 2 ਨਸ਼ਾ ਮੁਕਤੀ ਕੇਂਤਰ ਤੇ 10 ਓਟ ਕਲੀਨਿਕ ਕਾਰਜਸ਼ੀਲ : ਡਾ: ਸੇਨੂ ਦੁੱਗਲ

  • ਨਸ਼ੇ ਦੇ ਰੋਗ ਤੋਂ ਪੀੜਤਾਂ ਨੂੰ ਇਲਾਜ ਕਰਵਾਉਣ ਦੀ ਅਪੀਲ
  • ਪੀੜਤ ਦਾ ਇਲਾਜ ਮੁਫ਼ਤ ਹੋਵੇਗਾ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ

ਫਾਜਿ਼ਲਕਾ, 9 ਅਕਤੂਬਰ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਅਜਿਹੇ ਲੋਕਾਂ ਦੇ ਇਲਾਜ ਲਈ ਜਿ਼ਲ੍ਹੇ ਵਿਚ ਦੋ ਨਸ਼ਾ ਮੁਕਤੀ ਕੇਂਦਰ ਅਤੇ 10ਓਟ ਕਲੀਨਿਕ ਚੱਲ ਰਹੇ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੰਦਿਆਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਹ ਸਰਕਾਰ ਦੀ ਇਸ ਸਹੁਲਤ ਲੈ ਕੇ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਫਾਜਿ਼ਲਕਾ ਅਤੇ ਅਬੋਹਰ ਵਿਖੇ ਦੋ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ ਜਿੱਥੇ ਗੰਭੀਰ ਤੌਰ ਤੇ ਪੀੜਤਾਂ ਦਾ ਭਰਤੀ ਕਰਕੇ ਇਲਾਜ ਕੀਤਾ ਜਾਂਦਾ ਹੈ। ਇਹ ਇਲਾਜ ਪੂਰੀ ਤਰਾਂ ਮੁਫ਼ਤ ਹੈ। ਇਸਤੋਂ ਬਿਨ੍ਹਾਂ 10 ਓਟ ਕਲੀਨਿਕ ਚਲ ਰਹੇ ਹਨ। ਇਹ ਓਟ ਕਲੀਨਿਕ ਮੁੜ ਵਸੇਬਾ ਕੇਂਦਰ ਜੱਟ ਵਾਲੀ (ਫਾਜਿ਼ਲਕਾ), ਸਿਵਲ ਹਸਪਤਾਲ ਅਬੋਹਰ ਅਤੇ ਜਲਾਲਾਬਾਦ, ਸੀਐਚਸੀ ਖੂਈਖੇੜਾ, ਡੱਬਵਾਲਾ ਕਲਾਂ ਅਤੇ ਸੀਤੋਗੁਨੋ ਵਿਖੇ ਚੱਲ ਰਹੇ ਹਨ।ਓਟ ਕਲੀਨਿਕ ਵਿਖੇ ਮਰੀਜ ਨੂੰ ਭਰਤੀ ਨਹੀਂ ਹੋਣਾ ਪੈਂਦਾ ਹੈ ਅਤੇ ਉਹ ਇੱਥੋਂ ਦਵਾਈ ਲੈਜਾ ਸਕਦਾ ਹੈ ਅਤੇ ਆਪਣੇ ਘਰ ਰਹਿ ਕੇ ਹੀ ਕੋਰਸ ਪੂਰਾ ਕਰ ਸਕਦਾ ਹੈ। ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ ਅਤੇ ਇਸਦਾ ਇਲਾਜ ਸੰਭਵ ਹੈ ਜਿਸਤੋਂ ਬਾਅਦ ਵਿਅਕਤੀ ਪੂਰੀ ਤਰਾਂ ਨਾਲ ਨਸ਼ਾ ਛੱਡ ਕੇ ਆਮ ਨਾਗਰਿਕ ਵਾਂਗ ਜੀਵਨ ਜੀਅ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੋ ਲੋਕ ਨਸ਼ੇ ਤੋਂ ਪੀੜਤ ਹਨ ਅਤੇ ਪਹਿਲਾਂ ਇਲਾਜ ਨਹੀਂ ਲੈ ਰਹੇ ਹਨ ਉਹ ਤੁਰੰਤ ਅਬੋਹਰ, ਫਾਜਿ਼ਲਕਾ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲਾਂ ਵਿਚ ਮਨੋਰੋਗ ਮਾਹਿਰ ਨੂੰ ਮਿਲਣ। ਉਨ੍ਹਾਂ ਵੱਲੋਂ ਜਾਂਚ ਉਪਰੰਤ ਇਲਾਜ ਆਰੰਭ ਕੀਤਾ ਜਾਵੇਗਾ। ਜ਼ੇਕਰ ਭਰਤੀ ਕਰਨ ਦੀ ਜਰੂਰਤ ਹੋਈ ਤਾਂ ਭਰਤੀ ਕਰਕੇ ਇਲਾਜ ਸ਼ੁਰੂ ਕੀਤਾ ਜਾਵੇਗਾ ਅਤੇ 7 ਤੋਂ 10 ਦਿਨ ਦੇ ਹਸਪਤਾਲ ਵਿਚ ਰਹਿ ਕੇ ਇਲਾਜ ਕਰਵਾਉਣ ਨਾਲ ਮਰੀਜ ਠੀਕ ਹੋ ਜਾਵੇਗਾ ਅਤੇ ਜਾਂ ਫਿਰ ਉਨ੍ਹਾਂ ਨੂੰ ਘਰ ਰਹਿ ਕੇ ਹੀ ਇਲਾਜ ਕਰਵਾਉਣ ਲਈ ਨਿਯਮਤ ਤੌਰ ਤੇ ਦਵਾਈ ਦਿੱਤੀ ਜਾਵੇਗੀ। ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ  ਅਤੇ ਫਾਜ਼ਿਲਕਾ ਨਸ਼ਾ ਮੁਕਤੀ ਕੇਂਦਰ ਦੀ ਇਨਚਾਰਜ ਡਾਕਟਰ ਪ੍ਰਿਕਸ਼ੀ ਅਰੋੜਾ ਨੇ ਦੱਸਿਆ ਕਿ ਸੁਰੂਆਤੀ ਦੌਰ ਵਿਚ ਕੁਝ ਦਿਨ ਮਰੀਜ ਨੂੰ ਰੋਜਾਨਾ ਹਸਪਤਾਲ ਵਿਚ ਆ ਕੇ ਦਵਾਈ ਲੈਣੀ ਹੁੰਦੀ ਹੈ ਪਰ ਬਾਅਦ ਵਿਚ ਮਰੀਜ ਨੂੰ ਹਫਤੇ ਦੀ ਇੱਕਠੀ ਦਵਾਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਲਤ ਦੇ ਇਲਾਜ ਤੋਂ ਬਾਅਦ ਮਰੀਜ ਆਮ ਵਾਂਗ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਨਸ਼ੇ ਦੀ ਬਿਮਾਰੀ ਦਾ ਇਲਾਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ। ਹੁਣ ਤਕ ਇਹਨਾ ਸੈਂਟਰਾਂ ਵਿਚ ਕੁਲ 4433 ਮਰੀਜ਼ ਲਾਭ ਲਈ ਜਾ ਰਹੇ ਹਨ ।