ਬਰਨਾਲਾ ਤਹਿਸੀਲ ਦੇ 676 ਉਸਾਰੀ ਕਿਰਤੀਆਂ ਲਈ 1.87 ਕਰੋੜ ਦੇ ਲਾਭ ਦੀ ਪ੍ਰਵਾਨਗੀ ਦਿੱਤੀ ਗਈ 

  • ਪੰਜਾਬ ਸਰਕਾਰ ਵਲੋਂ ਵੱਖ - ਵੱਖ ਸਕੀਮਾਂ ਤਹਿਤ ਦਿੱਤੇ ਜਾਂਦੇ ਹਨ ਲਾਭ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ
  • ਉਸਾਰੀ ਕਿਰਤੀਆਂ ਦੀ ਰੇਜਿਸਟ੍ਰੇਸ਼ਨ ਸੇਵਾ ਕੇਂਦਰਾਂ ਵਿਖੇ ਕੀਤੀ ਜਾਂਦੀ ਹੈ
  • ਉਸਾਰੀ ਕਿਰਤੀ ਵੈਲਫੇਅਰ ਬੋਰਡ ਦੀ ਕੀਤੀ ਗਈ ਬੈਠਕ

ਬਰਨਾਲਾ, 19 ਅਕਤੂਬਰ  : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ  ਦੀ ਰਹਿਨੁਮਾਈ ਹੇਠ ਬਰਨਾਲਾ ਤਹਿਸੀਲ ਦੇ 676 ਉਸਾਰੀ ਕਿਰਤੀਆਂ ਲਈ 1.87 ਕਰੋੜ ਰੁਪਏ ਦੇ ਲਾਭ ਨੂੰ ਅੱਜ ਤਹਿਸੀਲ ਪੱਧਰੀ ਉਸਾਰੀ ਕਿਰਤੀ ਵੈਲਫੇਅਰ ਬੋਰਡ ਦੀ ਬੈਠਕ ਦੌਰਾਨ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਲਾਭਪਾਤਰੀਆਂ ਨੂੰ ਲਾਭ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਨ੍ਹਾਂ ਵਿੱਚ 35 ਕੇਸਾਂ ਨੂੰ ਐਕਸ-ਗ੍ਰੇਸ਼ੀਆ ਰਾਸ਼ੀ, 557 ਨੂੰ ਵਜ਼ੀਫੇ, 43 ਕੇਸ ਸ਼ਗਨ ਸਕੀਮ ਦੇ, 2 ਕੇਸ ਐੱਲ. ਟੀ. ਸੀ ਦੇ, 20 ਕੇਸ ਅੰਤਿਮ ਸੰਸਕਾਰ ਕਰਨ ਲਈ ਵਿੱਤੀ ਸਹਾਇਤਾ ਸਬੰਧੀ, 1 ਕੇਸ ਸਰਜਰੀ ਦਾ, 4 ਕੇਸ ਪੇਨਸ਼ਨ ਦੇ, 5 ਕੇਸ ਜਣੇਪੇ ਦੇ, 7 ਕੇਸ ਮਾਨਸਿਕ ਤੌਰ 'ਤੇ ਕਮਜ਼ੋਰ ਬੱਚਿਆਂ ਲਈ ਮਦਦ ਦੇ ਅਤੇ ਹੋਰ ਕੇਸ ਸ਼ਾਮਲ ਹਨ। ਉੱਪ ਮੰਡਲ ਮੈਜਿਸਟ੍ਰੇਟ ਸ਼੍ਰੀ ਗੋਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਰਾਹੀਂ ਕਈ ਤਰੀਕੇ ਦੇ ਲਾਭ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਹਰ ਤਰੀਕੇ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ । ਉਸਾਰੀ ਕਿਰਤੀਆਂ 'ਚ ਰਾਜ ਮਿਸਤਰੀ / ਇੱਟਾਂ/ ਸੀਮੇਂਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਬਿਜਲੀ ਦਾ ਕੰਮ ਕਰਨ ਵਾਲੇ, ਸੀਵਰਮੈਨ, ਮਾਰਬਲ / ਟਾਇਲਾਂ ਲਗਾਉਣ ਵਾਲੇ, ਫ਼ਰਸ਼ ਦੀ ਰਗੜਾਈ ਕਰਨ ਵਾਲੇ, ਪੇਂਟਰ, ਪੀ. ਓ. ਪੀ. ਦਾ ਕੰਮ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਇਮਾਰਤਾਂ ਨੂੰ ਢਾਉਣ ਵਾਲੇ, ਮੁਰੰਮਤ ਰੱਖ ਰਖਾਵ ਵਾਲੇ, ਭੱਠਿਆਂ ਉੱਤੇ ਕੰਮ ਕਰਨ ਵਾਲੇ ਕਿਰਤੀ ਇਨ੍ਹਾਂ ਸਕੀਮਾਂ ਵਿੱਚ ਲਾਭਪਾਤਰੀ ਵਜੋਂ ਸ਼ਾਮਿਲ ਕੀਤਾ ਜਾਂਦਾ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਐੱਸ. ਕੇ. ਭੋਰੀਵਾਲ ਨੇ ਦੱਸਿਆ ਕਿ ਬਿਨੈਕਰਤਾ ਆਪਣਾ ਰੇਜਿਸਟ੍ਰੇਸ਼ਨ ਸੇਵਾ ਕੇਂਦਰ ਵਿਖੇ ਕਰਵਾ ਸਕਦਾ ਹੈ ਜਿਸ ਲਈ ਬਿਨੈਕਰਤਾ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਜਾਂ ਵੋਟਰ ਆਈ ਕਾਰਡ ਦੀ ਲੋੜ ਪੈਂਦੀ ਹੈ। ਨਾਲ ਹੀ ਪਰਿਵਾਰ ਦੇ ਸਾਰੇ ਮੈਬਰਾਂ ਦੇ ਆਧਾਰ ਕਾਰਡ ਅਤੇ ਫਾਰਮ 27 ਨੰਬਰ ਫਾਰਮ ਭਰ ਕੇ ਦੇਣਾ ਹੁੰਦਾ ਹੈ । ਲਾਭਪਾਤਰੀ ਬਣਨ ਲਈ ਉਮਰ ਘੱਟੋਂ ਘੱਟ 18 ਤੋਂ 60 ਸਾਲ ਹੋਣੀ ਚਾਹੀਦੀ ਹੈ, ਪਿਛਲੇ 12 ਮਹੀਨਿਆਂ ਦੌਰਾਨ ਨਿਰਮਾਣ ਕਾਰਜਾਂ / ਉਸਾਰੀ ਕੰਮਾਂ ਵਿਚ ਘੱਟੋਂ ਘੱਟ 90 ਦਿਨ ਕੰਮ ਕੀਤਾ ਹੋਵੇ ਅਤੇ ਬਤੌਰ ਲਾਭਪਾਤਰੀ ਰੇਜਿਸਟ੍ਰੇਸ਼ਨ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਰਾਸ਼ੀ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਵਿਖੇ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਬੈਠਕ ਦੌਰਾਨ ਲੇਬਰ ਇੰਸਪੈਕਟਰ ਗੁਰਪਿੰਦਰ ਕੌਰ, ਡੀ. ਐੱਸ. ਪੀ ਸਤਵੀਰ ਸਿੰਘ ਅਤੇ ਹੋਰ ਵਿਭਾਗਾਂ ਦੇ ਮੁੱਖੀ ਅਤੇ ਕਰਮਚਾਰੀ ਹਾਜ਼ਰ ਸਨ ।