ਪਾਵਰਕੌਮ ਦੇ ਫਿਰੋਜ਼ਪੁਰ ਸਰਕਲ ਵੱਲੋਂ 94 ਬਿਜਲੀ ਖਪਤਕਾਰਾਂ ਨੂੰ 15.23 ਲੱਖ ਰੁਪਏ ਜੁਰਮਾਨਾ 

ਫਿਰੋਜ਼ਪੁਰ , 11 ਸਤੰਬਰ : ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਕਾਬੂ ਕਰਨ ਸਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਅਧੀਨ  9 ਸਤੰਬਰ ਨੂੰ ਫਿਰੋਜਪੁਰ ਹਲਕੇ ਅਧੀਨ ਪੈਂਦੇ ਵੰਡ ਮੰਡਲ ਸ਼ਹਿਰੀ ਫਿਰੋਜਪੁਰ, ਸਬਅਰਬਨ ਮੰਡਲ ਫਿਰੋਜਪੁਰ,ਜਲਾਲਾਬਾਦ ਅਤੇ ਜੀਰਾ ਮੰਡਲ ਦਫ਼ਤਰਾਂ ਵੱਲੋਂ ਟੀਮਾਂ ਬਣਾ ਕੇ ਸ਼ਹਿਰੀ/ਪੇਂਡੂ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੌਰਾਨ ਕੁੱਲ 423 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ । ਇਹਨਾਂ ਕੁਨੈਕਸ਼ਨਾਂ ਵਿਚੋਂ 66 ਨੰਬਰ ਖਪਤਕਾਰ ਬਿਜਲੀ ਚੋਰੀ ਕਰਦੇ ਪਾਏ ਗਏ ਜਿਨ੍ਹਾਂ ਨੂੰ 14.14 ਲੱਖ ਰੁ: ਦੀ ਰਕਮ ਲਗਭਗ ਜੁਰਮਾਨਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ 28 ਨੰਬਰ ਬਿਜਲੀ ਖਪਤਕਾਰ ਅਣ-ਅਧਿਕਾਰਤ ਬਿਜਲੀ ਲੋਡ  ਦੀ ਵਰਤੋਂ ਕਰਦੇ ਪਾਏ ਗਏ ਜਿਸ ਲਈ ਖਪਤਕਾਰਾਂ ਨੂੰ 1.09 ਲੱਖ ਰੁਪਏ ਜੁਰਮਾਨਾ ਕੀਤਾ ਗਿਆ  ।  ਨਿਗਰਾਨ ਇੰਜੀਨੀਅਰ ਵੰਡ ਹਲਕਾ, ਫਿਰੋਜਪੁਰ ਇੰਜ: ਵਿਜੈ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਬਿਜਲੀ ਚੋਰੀ਼ ਨੂੰ ਫੜਨ ਲਈ ਅਚਨਚੇਤ ਚੈਕਿੰਗਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ. ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ  ਅਪੀਲ ਕੀਤੀ ਕਿ ਉਹ ਬਿਜਲੀ ਚੋਰੀ  ਨੂੰ ਕੰਟਰੋਲ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੇ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ  ਲਈ ਸ਼ੁਰੂ ਕੀਤੀ  ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ।ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ  ਗੁਪਤ ਰੱਖੀ ਜਾਵੇਗੀ।