ਸਬ ਇੰਸਪੈਕਟਰ ਸਮੇਤ 13 ਪੁਲਿਸ ਮੁਲਾਜ਼ਮ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ 

ਲੁਧਿਆਣਾ, 14 ਅਕਤੂਬਰ : ਲੁਧਿਆਣਾ ਪੁਲਿਸ ਦੇ ਇਕ ਸਬ ਇੰਸਪੈਕਟਰ ਸਮੇਤ 13 ਪੁਲਿਸ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ’ਤੇ ਦੋਸ਼ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਲਾਟਰੀ ਚਲਾਉਣ ਦੀ ਆਗਿਆ ਦੇਣ ਵਾਸਤੇ ਇਹ ਰਿਸ਼ਵਤ ਲਈ। ਕੇਸ 2003 ਵਿਚ ਦਰਜ ਹੋਇਆ ਸੀ ਤੇ ਸ਼ਿਕਾਇਤਕਰਤਾ ਨੇ ਲੁਕਵੇਂ ਕੈਮਰੇ ਰਾਹੀਂ ਖਿੱਚੀਆਂ ਤਸਵੀਰਾਂ ਤੇ ਵੀਡੀਓ ਸਬੂਤ ਵਜੋਂ ਪੇਸ਼ ਕੀਤੀਆਂ ਸਨ।

ਅਦਾਲਤ ਨੇ ਸ਼ੁੱਕਰਵਾਰ ਨੂੰ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ।
ਐਡੀਸ਼ਨਲ ਸੈਸ਼ਨਜ਼ ਜੱਜ ਅਜੀਤ ਅੱਤਰੀ ਨੇ ਦੋਸ਼ੀ ਠਹਿਰਾਏ ਮੁਲਾਜ਼ਮਾਂ ਨੂੰ ਜ਼ੁਰਮਾਨਾ ਵੀ ਲਗਾਇਆ। ਮਾਮਲੇ ਦੀ ਸ਼ਿਕਾਇਤ ਬਿੱਅ ਚਾਵਲਾ ਤੇ ਸੁਭਾਸ਼ ਕੇਟੀ ਨਾਂ ਦੇ ਵਿਅਕਤੀਆਂ ਨੇ ਕੀਤੀ ਸੀ। ਦੋਸ਼ੀਆਂ ਦੀ ਪਛਾਣ ਸਬ ਇੰਸਪੈਕਟਰ ਦਰਸ਼ਨ ਸਿੰਘ, ਹੈਡ ਕਾਂਸਟੇਬਲ ਮਿਲਖਾ ਸਿੰਘ, ਜਸਵਿੰਦਰ ਸਿੰਘ, ਸਰਤਾਜ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਜੈ ਕ੍ਰਿਸ਼ਨਾ, ਬਲਦੇਵ ਸਿੰਘ, ਕਾਂਸਟੇਬਲ ਪਲਵਿੰਦਰ ਸਿੰਘ, ਰਾਕੇਸ਼ ਕੁਮਾਰ, ਅਮਰੀਕ ਸਿੰਘ ਤੇ ਐਸ ਪੀ ਓ ਪ੍ਰੇਮ ਸਿੰਘ ਵਜੋਂ ਹੋਈ ਹੈ।