ਭਾਜਪਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਦੀ ਠੱਗੀ ਦੀ ਕੋਸ਼ਿਸ਼ 'ਚ 1 ਕਾਬੂ

ਬਠਿੰਡਾ, 24 ਜੂਨ : ਬਠਿੰਡਾ ਪੁਲੀਸ ਨੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਰੁਪਏ ਦੀ ਵੱਡੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਕੈਂਟ ਪੁਲਸ ਨੇ ਇਸ ਮਾਮਲੇ ਸੰਬੰਧੀ ਭਾਜਪਾ ਆਗੂ ਦਮਨ ਥਿੰਦ ਬਾਜਵਾ ਪਤਨੀ ਹਰਮਨ ਦੇਵ ਵਾਸੀ ਅਕਾਲਗੜ੍ਹ ਜਿਲਾ ਸੰਗਰੂਰ ਦੀ ਸ਼ਿਕਾਇਤ ਦੇ ਅਧਾਰ ਤੇ ਹਰੀਸ਼ ਗਰਗ ਪੁੱਤਰ ਰਾਮ ਨਾਥ ਵਾਸੀ ਕੋਟ ਫੱਤਾ ਤੇ ਸੌਰਵ ਚੌਧਰੀ ਖਿਲਾਫ ਧਾਰਾ 419 ,420 ,511 ,120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸੌਰਵ ਚੌਧਰੀ ਦੀ ਭਾਲ ਕੀਤੀ ਜਾ ਰਹੀ ਹੈ।ਦਮਨ ਥਿੰਦ ਬਾਜਵਾ ਨੇ ਥਾਣਾ ਕੋਟਫੱਤਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੈਕਟਰੀ ਹਾਂ। ਹਾਲੀਆ  23 ਜੂਨ 2023 ਨੂੰ ਉਕਤ ਵਿਅਕਤੀ ਉਸਨੂੰ ਸਾਗਰ ਰਤਨ ਰੈਸਟੋਰੈਂਟ ਆਊਟਲੈਂਟ ਭੁੱਚੋ ਕਲਾਂ ਵਿਖੇ ਮਿਲਿਆ ਅਤੇ ਉਸਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਉਸਦਾ ਕਾਫੀ ਵੱਡਾ ਰੁਤਬਾ ਹੈ।ਬਿਆਨ ਅਨੁਸਾਰ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਚੋਣ ਹੋਣੀ ਹੈ ਜਿਸ 'ਚ ਉਸਦਾ ਨਾਮ ਵੀ ਸ਼ਾਮਲ ਹੈ। ਉਸ ਨੂੰ ਕਿਹਾ ਗਿਆ ਕਿ ਜੇਕਰ ਤੁਸੀ ਪ੍ਰਧਾਨ ਲੱਗਣਾ ਹੈ ਤਾ 5 ਕਰੋੜ ਦਾ ਇੰਤਜਾਮ ਕਰੋ ਮੈ ਤੁਹਾਨੂੰ ਪਾਰਟੀ ਦਾ ਪ੍ਰਧਾਨ ਲਵਾ ਦੇਵਾਗਾ। ਦਮਨ ਥਿੰਦ ਬਾਜਵਾ ਨੇ ਬਿਆਨ ਵਿੱਚ ਅੱਗੇ ਦੱਸਿਆ ਹੈ ਕਿ ਮੈਨੂੰ  ਸ਼ੱਕ ਹੋਇਆ ਤਾਂ ਅਸੀ ਪਾਰਟੀ ਹਾਈ ਕਮਾਡ ਤੋਂ ਇਸ ਵਿਅਕਤੀ ਬਾਰੇ ਪਤਾ ਕੀਤਾ ਤਾ ਪਤਾ ਲੱਗਾ ਕਿ ਇਹ ਵਿਅਕਤੀ ਫਰਾਡ ਹਨ। ਮਾਮਲੇ ਦੇ ਜਾਂਚ ਅਧਿਕਾਰੀ ਏ ਐਸ ਆਈ ਮਨਫੂਲ ਸਿੰਘ ਨੇ ਦੱਸਿਆ ਕਿ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮਾਮਲਾ ਗੰਭੀਰ ਅਤੇ ਪੜਤਾਲ ਅਧੀਨ ਹੋਣ ਕਰਕੇ ਪੁਲਿਸ ਅਧਿਕਾਰੀ ਅਜੇ ਬਹੁਤ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਇਹ ਕਾਰਵਾਈ ਸੀਨੀਅਰ ਪੁਲੀਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ਤੋਂ ਬਾਅਦ ਕੀਤੀ ਹੈ। ਪਤਾ ਲੱਗਿਆ ਹੈ ਕਿ ਭਾਜਪਾ ਆਗੂ ਨੇ ਐਸ ਐਸ ਪੀ ਬਠਿੰਡਾ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਨੇ ਫੌਰੀ ਤੌਰ ਤੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਅਤੇ ਅਗਲੀ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਦਮਨ ਥਿੰਦ ਬਾਜਵਾ ਅਸਲ ਵਿੱਚ ਯੂਥ ਕਾਂਗਰਸ ਦੀ ਸੀਨੀਅਰ ਆਗੂ ਸੀ। ਸਾਲ 2017 ਦੀਆਂ ਚੋਣਾਂ ਮੌਕੇ ਸੁਨਾਮ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਕਈ ਦਾਅਵੇਦਾਰ ਸਨ, ਯੂਥ ਕਾਂਗਰਸ ਦੀ ਆਗੂ ਦਮਨ ਥਿੰਦ ਬਾਜਵਾ ਸਭ ਨੂੰ ਪਛਾੜ ਕੇ ਟਿਕਟ ਹਾਸਲ ਕਰਨ ਵਿੱਚ ਸਫਲ ਰਹੀ ਪਰ ਉਹ ਤੀਸਰੇ ਸਥਾਨ ਤੇ ਰਹੀ । ਸਾਲ 2022 ਦੀਆਂ ਚੋਣਾਂ ਵਿੱਚ ਵੀ ਉਹ ਟਿਕਟ ਦੀ  ਦਾਅਵੇਦਾਰ ਸੀ ਪਰ ਕਾਂਗਰਸ ਨੇ ਦਮਨ ਬਾਜਵਾ ਦੀ ਟਿਕਟ ਕੱਟ ਕੇ ਜਸਵਿੰਦਰ ਧੀਮਾਨ ਨੂੰ ਦਿੱਤੀ ਸੀ। ਇਸ ਮੌਕੇ ਦਮਨ ਨੇ ਆਜ਼ਾਦ  ਤੌਰ ਤੇ  ਨਾਮਜ਼ਦਗੀ ਭਰੀ ਸੀ ਪਰ ਫਿਰ ਕਾਗਜ਼ ਵਾਪਿਸ  ਲੈ ਲਏ ਸਨ। ਕਾਂਗਰਸ ਨਾਲ  ਨਰਾਜ਼ਗੀ ਜਤਾਉਂਦਿਆਂ ਦਮਨ ਥਿੰਦ ਬਾਜਵਾ 7 ਫਰਵਰੀ 2022 ਨੂੰ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਜਿੱਥੇ ਉਸ ਨੂੰ ਪਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਸੀ।