05 ਦਿਨਾਂ ਵਾਲੀਬਾਲ ਸਮੈਸਿੰਗ ਰਾਜ ਪੱਧਰੀ ਖੇਡ ਸਮਾਰੋਹ 17 ਅਕਤੂਬਰ ਤੋਂ

  • ਸੂਬੇ ਭਰ ਤੋਂ 3500-4000 ਖਿਡਾਰੀਆਂ ਦੇ ਸ਼ਮੂਲੀਅਤ ਦੀ ਉਮੀਦ
  • ਸਫਾਈ, ਸਕਿਊਰਿਟੀ ਅਤੇ ਖਾਣੇ ਦਾ ਰੱਖਿਆ ਜਾਵੇ ਖਾਸ ਖਿਆਲ-ਏ.ਡੀ.ਸੀ.

ਫਰੀਦਕੋਟ, 12 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਫਰੀਦਕੋਟ ਵਿਖੇ ਹੋਣ ਵਾਲੇ ਵਾਲੀਬਾਲ ਸਮੈਸਿੰਗ ਦੇ 05 ਦਿਨਾਂ ਰਾਜ ਪੱਧਰੀ ਖੇਡ ਸਮਾਰੋਹ ਦੇ ਸੁਚੱਜੇ ਪ੍ਰਬੰਧਨ ਲਈ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਪੰਜਾਬ ਸਰਕਾਰ ਦੇ ਇਸ ਅਹਿਮ ਉਪਰਾਲੇ ਨੂੰ ਸਫਲ ਬਣਾਉਣ ਦੀ ਤਾਕੀਦ ਕੀਤੀ। ਇਸ ਸਬੰਧੀ ਉਲੀਕੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸੂਬੇ ਭਰ ਤੋਂ 3500-4000 ਦੇ ਕਰੀਬ ਖਿਡਾਰੀਆਂ ਦੀ ਆਮਦ ਦੇ ਮੱਦੇਨਜ਼ਰ ਸੁਚੱਜੇ ਅਤੇ ਢੁੱਕਵੇਂ ਪ੍ਰਬੰਧਾਂ ਦੀ ਵਿਊਂਤਬੰਦੀ ਲਈ ਵਿਭਾਗਾਂ ਦੇ ਮੁੱਖੀਆਂ ਨੂੰ ਨਿੱਜੀ ਤੌਰ ਤੇ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੀਆਂ ਟੀਮਾਂ ਦੇ ਨੁਮਾਇੰਦੇ 16 ਤਾਰੀਕ ਤੋਂ ਹੀ ਫਰੀਦਕੋਟ ਵਿਖੇ ਪਹੁੰਚ ਰਹੇ ਹਨ, ਇਸ ਦੇ ਮੱਦੇਨਜ਼ਰ ਯਾਤਾਯਾਤ ਦੇ ਸਾਧਨਾਂ, ਪੁਲਿਸ ਸੁਰੱਖਿਆ, ਖਾਣ-ਪੀਣ ਅਤੇ ਰਿਹਾਇਸ਼ ਤੋਂ ਇਲਾਵਾ ਮੁੱਖ ਤੌਰ ਤੇ ਖਿਡਾਰੀਆਂ ਦੇ ਖਾਣ ਪੀਣ ਅਤੇ ਸਫਾਈ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਹਰ ਵਿਭਾਗ ਦਾ ਯੋਗਦਾਨ ਹੀ ਬੜਾ ਅਹਿਮ ਅਤੇ ਮਹੱਤਵਪੂਰਨ ਹੈ, ਪਰੰਤੂ ਇਨ੍ਹਾਂ ਖੇਡਾਂ ਵਿੱਚ ਖਾਸ ਤੌਰ ਤੇ ਨਗਰ ਕੌਂਸਲ ਅਤੇ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਜਿੰਮੇਵਾਰੀ ਨਿਭਾਈ ਜਾਵੇਗੀ। ਉਨ੍ਹਾਂ ਇਨ੍ਹਾਂ ਦੋ ਵਿਭਾਗਾਂ ਦੇ ਨੁਮਾਇੰਦਿਆਂ ਤੇ ਪੂਰਾ ਭਰੋਸਾ ਜਤਾਉਂਦਿਆਂ ਉਮੀਦ ਜ਼ਾਹਿਰ ਕੀਤੀ ਕਿ ਇਨ੍ਹਾਂ ਮਹਿਕਮਿਆਂ ਦੇ ਮੁਲਾਜ਼ਮ/ਅਧਿਕਾਰੀ ਪੂਰੀ ਤਨਦੇਹੀ ਨਾਲ ਸੌਂਪੇ ਗਏ ਹਰ ਕੰਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣਗੇ। ਏ.ਡੀ.ਸੀ ਨੇ ਖਿਡਾਰੀਆਂ ਦੀ ਰਹਿਣ ਵਾਲੀ ਥਾਂ ਤੇ ਸਾਫ ਸਫਾਈ ਵੱਲ ਗੰਭੀਰਤਾ ਨਾਲ ਕੰਮ ਕਰਨ ਨੂੰ ਪਹਿਲ ਦਿੰਦਿਆਂ ਕਿਹਾ ਕਿ ਸੁੱਚਜੇ ਪ੍ਰਬੰਧਨ ਦੇ ਇਸ ਪਹਿਲੂ ਨੂੰ ਚੰਗੀ ਤਰ੍ਹਾਂ ਘੋਖਿਆ ਜਾਵੇ ਤਾਂ ਜੋ ਛੋਟੀ ਤੋਂ ਛੋਟੀ ਚੀਜ਼ ਵੀ ਅੱਖੋਂ ਪਰੋਖੇ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਡੇਂਗੂ ਸਬੰਧੀ ਆਮ ਲੋਕਾਂ ਵੱਲੋਂ ਪ੍ਰਗਟਾਏ ਜਾ ਰਹੇ ਅੰਦੇਸ਼ਿਆਂ ਦੇ ਮੱਦੇਨਜ਼ਰ ਨਗਰ ਕੌਂਸਲ ਅਤੇ ਸਿਹਤ ਵਿਭਾਗ ਨੂੰ ਰੱਲ ਕੇ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਜਿਲ੍ਹਾ ਖੇਡ ਅਫਸਰ ਸ. ਬਲਵਿੰਦਰ ਸਿੰਘ ਨੇ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੀਆਂ ਇਸ ਵਾਲੀਬਾਲ ਸਮੈਸਿੰਗ ਦੀ ਇਸ ਖੇਡ ਦੌਰਾਨ 16 ਅਕਤੂਬਰ ਨੂੰ ਲੜਕੀਆਂ ਦੀਆਂ ਟੀਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ। 17 ਅਕਤੂਬਰ ਨੂੰ ਅੰਡਰ 14,17,21,ਅਤੇ 21-30, ਇਸੇ ਤਰ੍ਹਾਂ 18 ਅਕਤੂਬਰ ਨੂੰ ਅੰਡਰ 31-40 ਅਤੇ ਉੱਪਰ ਤੇ ਉਮਰ ਵਰਗ ਦੇ ਮੈਚ ਸਵੇਰੇ 09 ਵਜੇ ਸ਼ੁਰੂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 19 ਅਕਤੂਬਰ ਨੂੰ ਲੜਕਿਆਂ ਦੀ ਟੀਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ, 20 ਅਕਤੂਬਰ ਨੂੰ ਅੰਡਰ 14,17,21,ਅਤੇ 21-30, ਇਸੇ ਤਰ੍ਹਾਂ 21 ਅਕਤੂਬਰ ਨੂੰ ਅੰਡਰ 31-40 ਅਤੇ ਉੱਪਰ ਤੇ ਉਮਰ ਵਰਗ ਦੇ ਮੈਚ ਸਵੇਰੇ 09 ਵਜੇ ਸ਼ੁਰੂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਹਰੇਕ ਟੀਮ ਦੇ ਖਿਡਾਰੀ ਕੋਲ ਜਨਮ ਸਰਟੀਫਿਕੇਟ ਦੀ ਅਸਲ ਕਾਪੀ ਜਾਂ 10 ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਵੋਟਰ ਕਾਰਡ, ਪਾਸਪੋਰਟ ਜਾਂ ਡਰਾਇਵਿੰਗ ਲਾਇਸੈਂਸ ਵਿੱਚੋਂ 02 ਸਬੂਤਾਂ ਦਾ ਹੋਣਾ ਜ਼ਰੂਰੀ ਹੈ।