ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ  ਅਧਾਰ ’ਤੇ ਕਰਾਂਗੇ ਹੱਲ : ਡਿਪਟੀ ਕਮਿਸ਼ਨਰ

  • ਭਾਰਤ ਮਾਲਾ ਪ੍ਰਾਜੈਕਟ ਅਧੀਨ ਐਕਵਾਇਰ ਕੀਤੀ ਗਈ ਜਮੀਨ ਦਾ ਮੁਆਵਾਜਾ ਦੇਣ ਸਮੇਂ ਹੋਈਆਂ ਬੇਨਿਯਮੀਆਂ ਪ੍ਰਤੀ ਕੀਤੀ ਜਾਵੇਗੀ ਸਖਤ ਕਾਰਵਾਈ
  • ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 22 ਨਵੰਬਰ : ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਵਿਸਤਾਰਤ ਮੀਟਿੰਗ ਕੀਤੀ ਗਈ ਅਤੇ ਭਰੋਸਾ ਦਿੱਤਾ ਕਿ ਜਿਲ੍ਹਾ ਪੱਧਰ ’ਤੇ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਸ੍ਰੀ ਥੋਰੀ ਨੇ ਮੰਗ ਪੱਤਰ ਵਿੱਚ ਦਿੱਤੀਆਂ ਹੋਈਆਂ ਮੰਗਾਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਐਕਵਾਇਰ ਕੀਤੀ ਗਈ ਜਮੀਨ ਦਾ ਮੁਆਵਜਾ ਦੇਣ ਸਮੇਂ ਜਿੰਨਾਂ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀ ਗਈਆਂ ਹਨ, ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਜਿੰਨਾਂ ਪਰਿਵਾਰਾਂ ਨੂੰ ਹੁਣ ਤੱਕ ਮੁਆਵਜਾ ਨਹੀਂ ਮਿਲਿਆ ਉਹ ਜਲਦੀ ਹੀ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਟਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀਆਂ ਜਾ ਰਹੀਆਂ ਹਨ ਅਤੇ ਕੇਂਦਰੀ  ਜੇਲ ਅੰਮ੍ਰਿਤਸਰ ਵਿੱਚ ਲੱਗੇ ਜੈਮਰਾਂ ਕਾਰਨ ਮੋਬਾਇਲ ਟਾਵਰ ਦੀ ਰੇਂਜ ਨਾ ਆਉਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਇਨ੍ਹਾਂ ਮੰਗਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ ਅਤੇ ਪੁਲਿਸ ਪ੍ਰਸਾਸ਼ਨ ਕੋਲੋਂ ਠੱਗ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਡਿਪਟੀ ਕਮਿਸਨਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਸਾਡਾ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ। ਇਸ ਮੀਟਿੰਗ ਵਿੱਚ ਐਸ:ਐਸ:ਪੀ ਦਿਹਾਤੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ:ਡੀ:ਐਮਜ਼ ਸ੍ਰੀ ਮਨਕੰਵਲ ਚਾਹਲ, ਸ੍ਰੀ ਨਿਕਾਸ ਕੁਮਾਰ, ਐਸ:ਪੀ ਯੁਵਰਾਜ ਸਿੰਘ, ਸ੍ਰ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ, ਸ੍ਰ ਜਗਜੀਤ ਸਿੰਘ ਖਿਆਲੀ ਜਿਲ੍ਹਾ ਪ੍ਰਧਾਨ, ਸ੍ਰ ਅਕਾਸ਼ਦੀਪ ਮਾਨਾਂਵਾਲਾ, ਸ੍ਰੀ ਬਲਬੀਰ ਸਿੰਘ ਬੋਪਾਰਾਏ, ਸ੍ਰ ਕਰਮਜੀਤ ਸਿੰਘ ਨੰਗਲੀ, ਸ੍ਰ ਮਨਜਿੰਦਰ ਸਿੰਘ ਵੀ ਹਾਜਰ ਸਨ।