ਹੜ੍ਹਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਇਜਰੀ ਜਾਰੀ

  • ਕੁਦਰਤੀ ਆਫ਼ਤ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਯਤਨਸ਼ੀਲ-ਸਿਵਲ ਸਰਜਨ

ਤਰਨ ਤਾਰਨ, 17 ਜੁਲਾਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਜਾਂ ਵੈਕਟਰ-ਬੋਰਨ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪੀ੍ਤ ਸਿੰਘ ਰਾਏ ਨੇ ਦੱਸਿਆ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਯਤਨਸ਼ੀਲ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਐਡਵਾਈਜ਼ਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੀਣ ਲਈ ਸਿਰਫ਼ ਸੁਰੱਖਿਅਤ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਰਜੀਹੀ ਤੌਰ ’ਤੇ ਉਬਾਲਿਆ ਹੋਇਆ ਪਾਣੀ ਹੀ ਵਰਤਣਾ ਚਾਹੀਦਾ ਹੈ ਜਾਂ ਪਾਣੀ ਕਲੋਰੀਨ ਯੁਕਤ ਹੋਵੇ। ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਗਿਆ ਕਿ ਹੜ੍ਹ ਦੇ ਪਾਣੀ ਵਿਚ ਭਿੱਜੇ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਲੱਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੈਡੀਕਲ ਕੈਂਪਾਂ ਸਮੇਤ ਸਰਕਾਰੀ ਸਿਹਤ ਸਹੂਲਤਾਂ ’ਚ ਦਿਖਾਉਣਾ ਚਾਹੀਦਾ ਹੈ ਅਤੇ ਖੁਦ ਇਲਾਜ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਖੇਤਰ ਵਿਚ ਕਿਸੇ ਛੂਤ ਦੀ ਬੀਮਾਰੀ ਦੇ ਵੱਧ ਕੇਸ (ਭਾਵ ਇਕੋ ਇਲਾਕੇ ਵਿਚ ਛੂਤ ਦੀਆਂ ਬੀਮਾਰੀਆਂ ਦੇ 3 ਤੋਂ ਵੱਧ ਕੇਸ) ਸਾਹਮਣੇ ਆਉਂਦੇ ਹਨ, ਤਾਂ ਤੁਰੰਤ ਨਜ਼ਦੀਕੀ ਸਿਹਤ ਸੰਸਥਾਨ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜੇ-ਮਕੌੜਿਆਂ ਦੇ ਕੱਟਣ ਕਾਰਨ ਆਮ ਤੌਰ ’ਤੇ ਚਮੜੀ ਦੀ ਬੈਕਟੀਰੀਅਲ ਲਾਗ ਹੋ ਜਾਂਦੀ ਹੈ ਅਤੇ ਅਜਿਹੀ ਇਨਫੈਕਸ਼ਨ ਨੂੰ ਰੋਕਣ ਲਈ ਲੋਕਾਂ ਨੂੰ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਕਿਸਮ ਦੇ ਇਲਾਜ ਲਈ ਨਜ਼ਦੀਕੀ ਸਿਹਤ ਸੰਭਾਲ ਕੇਂਦਰ ’ਚ ਜਾਣਾ ਚਾਹੀਦਾ ਹੈ। ਵਿਭਾਗ ਵੱਲੋਂ ਹੜ੍ਹਾਂ ਦੇ ਪਾਣੀ ਵਿਚ ਨਾ ਵੜਨ ਦੀ ਵੀ ਸਲਾਹ ਦਿੱਤੀ ਗਈ ਹੈ ਕਿਉਂਕਿ ਹੜ੍ਹਾਂ ਦੌਰਾਨ ਸੱਪ ਦਾ ਡੰਗਣਾ ਵੀ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਪਾਣੀ ਵਿਚ ਦਾਖ਼ਲ ਹੋਣ ਦੀ ਲੋੜ ਹੈ, ਤਾਂ ਲੰਬੇ ਬੂਟ ਪਾਓ। ਸੱਪ ਦੇ ਡੰਗਣ ਦੀ ਸਥਿਤੀ ਵਿਚ ਮਰੀਜ਼ ਨੂੰ ਜਲਦ ਤੋਂ ਜਲਦ ਨਜ਼ਦੀਕੀ ਸਿਹਤ ਕੇਂਦਰ ਵਿਚ ਲੈ ਕੇ ਜਾਓ। ਡਾ. ਰਾਏ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਵੈਕਟਰ-ਬੋਰਨ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਲਾਰਵੀਸਾਈਡ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।