ਸਿਹਤ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਤਹਿਤ ਕਰਵਾਈਆਂ ਗਈਆਂ ਵੱਖ ਵੱਖ ਗਤੀਵਿਧੀਆਂ

ਤਰਨ ਤਾਰਨ, 06 ਜੂਨ : ਜ਼ਿਲਾ ਪ੍ਰਸ਼ਾਸਨ ਤਰਨਤਾਰਨ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ, ਡਾ. ਵਰਿੰਦਰਪਾਲ ਕੌਰ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ, ਸੁਰਸਿੰਘ, ਡਾ. ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਮੰਗਲਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਸਿਹਤ ਕੇਂਦਰ, ਸੁਰਸਿੰਘ ਵਿਖੇ ਜਿਥੇ ਬੂਟੇ ਲਗਾਏ ਗਏ, ਉਥੇ ਹੀ ਐੱਸ. ਐੱਮ. ਓ. ਵੱਲੋਂ ਸਥਾਨਕ ਦੁਕਾਨਦਾਰਾਂ ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਹਤ ਅਧਿਕਾਰੀਆਂ ਵੱਲੋਂ ਹਸਪਤਾਲ ਵਿੱਚ ਆਏ ਮਰੀਜ਼ਾਂ ਨਾਲ ਵੀ ਸਾਫ ਸੁਥਰਾ ਵਾਤਾਵਰਣ ਪ੍ਰਤੀ ਪ੍ਰੇਰਿਆ ਗਿਆ।ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਹਰ ਇਕ ਨਾਗਰਿਕ ਨੂੰ ਸਾਫ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ।ਉਨਾਂ ਕਿਹਾ ਕਿ ਵਿਅਕਤੀ ਦੀ ਚੰਗੀ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਲਈ ਸਾਫ ਸੁਥਰਾ ਵਾਤਾਵਰਨ ਹੋਣਾ ਬਹੁਤ ਲਾਜ਼ਮੀ ਹੈ ਅਤੇ ਇਹ ਸਾਡੇ ਸਾਰਿਆ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਨ ਦੀ ਸਾਫ ਸਫਾਈ ਪ੍ਰਤੀ ਵੱਚਨਬੱਧ ਰਹੀਏ। ਉਨਾਂ ਕਿਹਾ ਕਿ ਸਾਲ 2023 ਦੀ ਵਿਸ਼ਵ ਵਾਤਾਵਰਣ ਦਿਵਸ ਦੀ ਥੀਮ “ਬੀਟ ਪਲਾਸਟਿਕ ਪਾਲਿਊਸ਼ਨ” ਹੈ ਜਿਸਦਾ ਮਤਲਬ ਪਲਾਸਟਿਕ ਰਾਹੀਂ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ। ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਸਾਨੂੰ ਪਲਾਸਟਿਕ ਦੇ ਸਮਾਨ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਸਹਾਈ ਹੋ ਸਕੀਏ। ਉਨਾਂ ਕਿਹਾ ਕਿ ਪਲਾਸਟਿਕ ਨਸ਼ਟ ਹੋਣ ਵਿੱਚ ਬਹੁਤ ਸਮਾਂ ਲਗਾਉਂਦਾ ਹੈ ਅਤੇ ਇਸ ਨਾਲ ਸਾਡਾ ਵਾਤਾਵਰਣ ਬੁਰੀ ਤਰਾਂ੍ਹ ਪ੍ਰਭਾਵਿਤ ਹੁੰਦਾ ਹੈ। ਡਾ. ਕੁਲਤਾਰ ਸਿੰਘ ਨੇ ਦੁਕਾਨਦਾਰਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਬਾਰੇ ਪ੍ਰੇਰਿਤ ਕੀਤਾ ਗਿਆ।ਬਲਾਕ ਐਜੂਕੇਟਰ, ਨਵੀਨ ਕਾਲੀਆ ਨੇ ਕਿਹਾ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਆਪਣੇ ਆਪਣੇ ਖੇਤਰਾਂ ਦੇ ਵਿੱਚ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਆਈ.ਈ.ਸੀ ਗਤੀਵਿਧੀਆਂ ਰਾਹੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਇਸ ਮੌਕੇ ਮੈਡੀਕਲ ਅਫਸਰ, ਡਾ. ਅਮਨਦੀਪ ਸਿੰਘ ਧੰਜੂ, ਮੈਡੀਕਲ ਅਫਸਰ ਸੰਦੀਪ ਸਿੰਘ, ਬਲਾਕ ਐਜੂਕੇਟਰ ਨਵੀਨ ਕਾਲੀਆ, ਐਸ. ਆਈ. ਲਖਵਿੰਦਰ ਸਿੰਘ, ਗਗਨਦੀਪ ਸਿੰਘ, ਫਾਰਮੇਸੀ ਅਫਸਰ ਰਾਮ ਕੁਮਾਰ, ਕੁਲਦੀਪ ਸਿੰਘ, ਗੁਰਵੇਲ ਸਿੰਘ ਆਦਿ ਮੌਜੂਦ ਰਹੇ।