ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਲਗਤਾਰ ਰਾਹਤ ਕਾਰਜ ਜਾਰੀ

  • ਸਿਹਤ ਵਿਭਾਗ ਦੀਆਂ ਟੀਮਾਂ ਪਾਣੀ ਵਿੱਚ ਘਿਰੇ ਪਿੰਡਾਂ ਤੱਕ ਬੇੜੀ ਜਰੀਏ ਪਹੁੰਚ ਕੇ ਦੇ ਰਹੇ ਨੇ ਦਵਾਈ

ਬਟਾਲਾ, 18 ਅਗਸਤ : ਡਿਪਟੀ ਕਮਿਸ਼ਮਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ ਅਤੇ ਜਰੂਰਤਮੰਦਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਬਟਾਲਾ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਬਿਆਸ ਦਰਿਆ ਨੇੜਲੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਅੰਦਰ ਲੋੜੀਂਦੀਆਂ ਜਰੂਰਤ ਵਾਲੀਆਂ ਚੀਜਾਂ ਪੁਜਦਾ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਐਸ.ਡੀ.ਐਮ ਬਟਾਲਾ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਦੇ ਨਾਲ ਪਾਣੀ ਵਿੱਚ ਘਿਰੇ ਪਿੰਡਾਂ ਤੱਕ ਬੇੜੀ ਜਰੀਏ ਪਹੁੰਚ ਕਰਕੇ ਬਿਮਾਰ ਵਿਅਕਤੀਆਂ ਦਾ ਚੈੱਕਅਪ ਕਰਨ ਦੇ ਨਾਲ ਦਵਾਈ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਹੜ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਵੀ ਰਾਹਤ ਕੈਂਪ ਸਮੇਤ ਪਿੰਡਾਂ ਅੰਦਰ ਜਰੂਰਤ ਵਾਲੀਆਂ ਵਸਤਾਂ ਪੁਜਦਾ ਕੀਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਦੱਸਿਆ ਕਿ ਲੋੜ ਪੈਣ ’ਤੇ ਹੈਲਪ ਲਾਈਨ ਨੰਬਰ 1800-180-1852 ਜਾਂ 112 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ, ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਤਿਆਰ ਬਰ ਤਿਆਰ ਹੈ ਅਤੇ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਨਾਲ ਖੜ੍ਹਾ ਹੈ।