ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਚਲਾਈ ਜਾ ਰਹੀ ਭਰਤੀ ਮੁਹਿੰਮ ਤਹਿਤ ਬਿਜਲੀ ਵਿਭਾਗ ਵੱਲੋਂ ਹੁਣ ਤੱਕ 3972 ਨੌਜਵਾਨਾਂ ਨੂੰ ਦਿੱਤੀ ਗਈ ਨੌਕਰੀ : ਈ. ਟੀ. ਓ.

  • ਕੈਬਨਿਟ ਮੰਤਰੀ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੰਡ ਕਸੇਲ ਤੋਂ ਸਰਾਂਏ ਅਮਾਨਤ ਖਾਂ ਨੂੰ ਜਾਂਦੀ ਸੜਕ ਦੇ 4 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸਪੈਸ਼ਲ ਰਿਪੇਅਰ ਦੇ ਕੰਮ ਦਾ ਰੱਖਿਆ ਨੀਂਹ ਪੱਥਰ
  • ਸੜਕ ਦੀ ਰਿਪੇਅਰ ਹੋਣ ਨਾਲ ਇਲਾਕੇ ਦੇ ਲੋਕਾਂ ਅਤੇ ਜਿਮੀਦਾਰਾਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਲਈ ਮਿਲੇਗੀ ਸਹੂਲਤ-ਡਾ. ਕਸ਼ਮੀਰ ਸਿੰਘ ਸੋਹਲ

ਤਰਨ ਤਾਰਨ, 08 ਅਗਸਤ : ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ., ਵੱਲੋਂ ਅੱਜ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੰਡ ਕਸੇਲ ਤੋਂ ਸਰਾਂਏ ਅਮਾਨਤ ਖਾਂ ਨੂੰ ਜਾਂਦੀ ਸੜਕ ਦੇ 4 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ., ਨੇ ਦੱਸਿਆ ਕਿ ਇਹ ਸੜਕ ਜਿਸ ਦੀ ਕੁੱਲ ਲੰਬਾਈ 7.54 ਕਿਲੋਮੀਟਰ ਹੈ ਅਤੇ ਚੌੜਾਈ 18 ਫੁੱਟ ਹੈ। ਇਸ ਸੜਕ ਦੀ ਰਿਪੇਅਰ ਦਾ ਕੰਮ 65 ਐੱਮ. ਐੱਮ., ਡੀ. ਬੀ. ਐੱਮ. ਅਤੇ 30 ਐੱਮ. ਐੱਮ., ਬੀ. ਸੀ. ਪਾ ਕੇ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵੱਲੋਂ 4 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੜਕ ਬਣਾਉਣ ਤੋਂ ਬਾਅਦ 5 ਸਾਲਾਂ ਲਈ ਠੇਕੇਦਾਰ ਵੱਲੋਂ ਹੀ ਇਸ ਦੀ ਮੇਨਟੀਨੈਂਸ ਕੀਤੀ ਜਾਣੀ ਹੈ। ਇਹ ਕੰਮ ਮਿਤੀ 31 ਦਸੰਬਰ, 2023 ਤੱਕ ਪੂਰਾ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਹਿਲਾਂ ਇਸ ਸੜਕ ਦੀ ਰਿਪੇਅਰ 2014 ਵਿੱਚ ਕੀਤੀ ਗਈ ਸੀ। ਇਸ ਮੌਕੇ ਸੂਬੇ ਦੇ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ, ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ 600 ਯੂਨਿਟ ਮਿਲ ਰਹੀ ਮੁਫ਼ਤ ਬਿਜਲੀ ਕਾਰਨ ਪੰਜਾਬ ਦੇ ਲੱਗਭੱਗ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਹਰਭਜਨ ਸਿੰਘ ਈ. ਟੀ. ਓ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਚਲਾਈ ਜਾ ਰਹੀ ਭਰਤੀ ਮੁਹਿੰਮ ਤਹਿਤ ਬਿਜਲੀ ਵਿਭਾਗ ਵੱਲੋਂ ਹੁਣ ਤੱਕ 3972 ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਅਤੇ ਲੋੜੀਂਦੀਆਂ ਹੋਰ ਅਸਾਮੀਆਂ ਨੂੰ ਭਰਨ ਲਈ ਪ੍ਰਕ੍ਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕੇ ‘ਤੇ ਭਰਤੀ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਅਪਣਾਈ ਗਈ ਨੀਤੀ ਤਹਿਤ ਬਿਜਲੀ ਵਿਭਾਗ ਨੇ ਵੀ ਵਿਭਾਗ ਵਿੱਚ ਕੰਮ ਕਰ ਰਹੇ ਅਜਿਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਲਈ ਪ੍ਰਕ੍ਰਿਆ ਆਰੰਭ ਦਿੱਤੀ ਹੈ। ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਇਹ ਸੜਕ ਇਲਾਕੇ ਲਈ ਬਹੁਤ ਹੀ ਮਹੱਤਵਪੂਰਨ ਹੈ। ਇਹ ਸੜਕ ਹਾਈਵੇ ਸੜਕਾਂ, ਛੇਹਰਟਾ-ਢੰਡ-ਬੀੜ ਬਾਬਾ ਬੁੱਢਾ ਸਾਹਿਬ ਅਤੇ ਅਟਾਰੀ-ਝਬਾਲ ਸੜਕ ਨੂੰ ਆਪਸ ਵਿੱਚ ਜੋੜਦੀ ਹੈ।ਇਸ ਸੜਕ ਦੀ ਰਿਪੇਅਰ ਹੋਣ ਨਾਲ ਇਲਾਕੇ ਦੇ ਲੋਕਾਂ ਅਤੇ ਜਿਮੀਦਾਰਾਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਲਈ ਬਹੁਤ ਜ਼ਿਆਦਾ ਸਹੂਲਤ ਮਿਲੇਗੀ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਅਤੇ ਐਕਸੀਅਨ ਪੀ. ਡਬਲਯੂ. ਡੀ. ਸ੍ਰੀ ਦਿਲਬਾਗ਼ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।