ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਪੰਥਕ ਜਾਹੋ ਜਲਾਲ ਨਾਲ ਸੰਪੰਨ

  • ਸਿੱਖ ਕੌਮ ਅੰਦਰ ਵੱਖ-ਵੱਖ ਧੜ੍ਹਿਆਂ ਅਤੇ ਜਥੇਬੰਦੀਆਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਜ਼ਰੂਰੀ : ਗਿਆਨੀ ਹਰਪ੍ਰੀਤ ਸਿੰਘ
  • ਪੁਰਾਤਨ ਸਿੱਖ ਯੋਧਿਆਂ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
  • ਪੰਥ ਦੀਆਂ ਸੰਸਥਾਵਾਂ ਦੀ ਸ਼ਕਤੀ ਹੀ ਦੇਸ਼ ਦੁਨੀਆਂ ’ਚ ਬੈਠੇ ਸਿੱਖਾਂ ਦੀ ਤਾਕਤ : ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 5 ਮਈ : ਅਠਾਰ੍ਹਵੀਂ ਸਦੀ ਦੇ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਸਮਾਗਮ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਭਰਵੀਂ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਸਿੱਖ ਪੰਥ ਦੇ ਵੱਡੇ ਨਾਇਕ ਸਨ, ਜਿਨ੍ਹਾਂ ਨੇ ਪੰਥ ਪ੍ਰਤੀ ਸਮਰਪਣ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਆਖਿਆ ਕਿ ਸਿੱਖ ਇਤਿਹਾਸ ਵਿਚ ਸਰਦਾਰ ਜੱਸਾ ਸਿੰਘ ਦਾ ਉੱਘੜਵਾਂ ਸਥਾਨ ਹੈ ਅਤੇ ਉਨ੍ਹਾਂ ਦਾ ਜੀਵਨ ਮੌਜੂਦਾ ਸਮੇਂ ਪੰਥ ਲਈ ਪ੍ਰੇਰਣਾ ਸਰੋਤ ਵੱਜੋਂ ਵੀ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਨੂੰ ਵੱਡੀਆਂ ਵੰਗਾਰਾਂ ਪੇਸ਼ ਹਨ ਤਾਂ ਇਸ ਮੌਕੇ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਣ ਦੀ ਲੋੜ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਸਿੱਖ ਕੌਮ ਅੰਦਰ ਵੱਖ-ਵੱਖ ਧੜ੍ਹਿਆਂ ਅਤੇ ਜਥੇਬੰਦੀਆਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਜ਼ਰੂਰੀ ਹੈ। ਸਿੱਖ ਹੋਂਦ, ਨਿਆਰਾਪਨ, ਸਿਧਾਂਤ, ਮਰਯਾਦਾ ਦੀ ਸਲਾਮਤੀ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਆਪਸੀ ਮਤਭੇਦ ਅਤੇ ਮੁਫਾਦਾਂ ਨੂੰ ਤਿਆਗਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੌਮ ਇਕੱਠੀ ਰਹੇਗੀ ਤਾਂ ਵੰਗਾਰਾਂ ਅਤੇ ਚੁਣੌਤੀਆਂ ਕੁਝ ਨਹੀਂ ਵਿਗਾੜ ਸਕਣਗੀਆਂ। ਗਿਆਨੀ ਹਰਪ੍ਰੀਤ ਸਿੰਘ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮਾਂ ਨੂੰ ਪੰਥਕ ਜਾਹੋ-ਜਲਾਲ ਅਤੇ ਨੌਜੁਆਨੀ ਨੂੰ ਵਿਰਸੇ ਨਾਲ ਜੋੜਨ ਲਈ ਅਹਿਮ ਕਰਾਰ ਦਿੱਤਾ। ਸ਼ਤਾਬਦੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਹੱਕ, ਸੱਚ ਦੀ ਪਹਿਰੇਦਾਰ ਰਹੀ ਹੈ ਅਤੇ ਪੁਰਾਤਨ ਸਿੱਖ ਯੋਧਿਆਂ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਵੀ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮਿਆਂ ਅੰਦਰ ਗੁਰੂ ਦੇ ਸਿੱਖਾਂ ’ਚ ਜੇਕਰ ਮਨ ਮੁਟਾਵ ਵੀ ਹੁੰਦੇ ਸਨ ਤਾਂ ਉਹ ਆਪਸੀ ਮਿਲਵਰਤਨ ਅਤੇ ਸਦਭਾਵਨਾ ਨਾਲ ਹੱਲ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਖਾਲਸਾ ਪੰਥ ਨੂੰ ਪੁਰਾਣੀਆਂ ਰਵਾਇਤਾਂ ਅਨੁਸਾਰ ਜੁੜ ਬੈਠਣ ਦੀ ਲੋੜ ਹੈ, ਤਾਂ ਜੋ ਕੌਮ ਨੂੰ ਦਰਪੇਸ਼ ਚੁਣੌਤੀਆਂ ਨੂੰ ਇਕਜੁਟਤਾ ਨਾਲ ਨਜਿੱਠਿਆ ਜਾ ਸਕੇ। ਐਡਵੋਕੇਟ ਧਾਮੀ ਨੇ ਜਿਥੇ ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਹੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਭਾਈਚਾਰੇ ਵੱਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਦਿੱਤੇ ਸਹਿਯੋਗ ਲਈ ਵੀ ਵਿਸ਼ੇਸ਼ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਕਿਹਾ ਕਿ ਅੱਜ ਕਈ ਤਾਕਤਾਂ ਸਿੱਖ ਸ਼ਕਤੀ ਨੂੰ ਵੰਡਣ ਲਈ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਟਾਕਰਾ ਕਰਨ ਲਈ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਥ ਦੀਆਂ ਸੰਸਥਾਵਾਂ ਦੀ ਸ਼ਕਤੀ ਹੀ ਦੇਸ਼ ਦੁਨੀਆਂ ’ਚ ਬੈਠੇ ਸਿੱਖਾਂ ਦੀ ਤਾਕਤ ਹੋ ਸਕਦੀ ਹੈ। ਜੇਕਰ ਸੰਸਥਾਵਾਂ ਮਜ਼ਬੂਤ ਹੋਣਗੀਆਂ ਤਾਂ ਸਿੱਖਾਂ ਦੇ ਮਸਲੇ ਅਸਾਨੀ ਨਾਲ ਹੱਲ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਸ਼ਤਾਬਦੀਆਂ ਮਨਾਉਣ ਸਮੇਂ ਸਾਨੂੰ ਆਪਣੀ ਕੌਮ ਅਤੇ ਵਡੇਰਿਆਂ ਦੇ ਇਤਿਹਾਸ ਤੋਂ ਪ੍ਰੇਰਣਾ ਦਾ ਮੌਕਾ ਮਿਲਦਾ ਹੈ ਅਤੇ ਇਹ ਦਿਹਾੜੇ ਸਿੱਖ ਜੀਵਨ ਜਾਚ ਦੇ ਅਗਲੇ ਪੜਾਵਾਂ ਵਿਚ ਪ੍ਰੇਰਣਾ ਸਰੋਤ ਸਾਬਤ ਹੁੰਦੇ ਹਨ। ਸ. ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਪੰਥਕ ਕਾਰਜਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਅੰਦਰ ਸਿੱਖ ਵਿਰਾਸਤਾਂ ਅਕਾਲੀ ਸਰਕਾਰ ਦੀ ਹੀ ਦੇਣ ਹਨ। ਸਿੱਖ ਧਰਮ ਇਤਿਹਾਸ ਨਾਲ ਸਬੰਧਤ ਵੱਖ-ਵੱਖ ਯਾਦਗਾਰਾਂ ਕਾਇਮ ਕਰਨੀਆਂ ਅਤੇ ਸਿੱਖ ਵਿਰਾਸਤ ਨੂੰ ਸੰਭਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਪਹਿਲ ਰਹੀ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਵਿੱਚੋਂ ਪੰਥਕ ਭਲਾਈ ਦੇ ਗੁਣ ਗ੍ਰਹਿਣ ਕਰਨ, ਤਾਂ ਜੋ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ। ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਤਰਨ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਸ. ਮਨਜੀਤ ਸਿੰਘ ਜੀਕੇ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਢਾਡੀ, ਕਵੀਸ਼ਰ ਜਥਿਆਂ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਣ ਨੂੰ ਵਾਰਾਂ ਰਾਹੀਂ ਪੇਸ਼ ਕੀਤਾ। 300 ਸਾਲਾ ਜਨਮ ਸ਼ਤਾਬਦੀ ਅੱਜ ਸਵੇਰੇ ਬੁੰਗਾ ਰਾਮਗੜ੍ਹੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬੁੰਗੇ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਦੀ ਸੇਵਾ ਉਪਰੰਤ ਇਸ ਦਾ ਰਸਮੀ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ। ਸ਼ਤਾਬਦੀ ਸਮਾਗਮਾਂ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਇਤਿਹਾਸ ਸਬੰਧੀ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਬਹੁਭਾਸ਼ਾਈ ਕਿਤਾਬਚੇ ਵੀ ਜਾਰੀ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੁੰਗਾ ਰਾਮਗੜ੍ਹੀਆ ਵਿਖੇ ਲਗਾਈ ਗਈ ਚਿਤਰਪ੍ਰਦਰਸ਼ਨੀ ਵੀ ਸੰਗਤ ਲਈ ਖਿੱਚ ਦਾ ਕੇਂਦਰ ਰਹੀ। ਸਮਾਗਮਾਂ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ, ਸੀਨੀਅਰ ਅਕਾਲੀ ਆਗੂ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਸ. ਮਲਕੀਤ ਸਿੰਘ ਚੰਗਾਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਕੇਵਲ ਸਿੰਘ ਬਾਦਲ, ਸ. ਗੁਰਬਖ਼ਸ਼ ਸਿੰਘ ਖਾਲਸਾ, ਸ. ਸਰਵਣ ਸਿੰਘ ਕੁਲਾਰ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਗੁਰਿੰਦਰ ਸਿੰਘ ਮਠਾਰੂ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂ, ਸ. ਕਰਨੈਲ ਸਿੰਘ ਪੀਰਮੁਹੰਮਦ, ਬੀਬੀ ਜੋਗਿੰਦਰ ਕੌਰ, ਬੀਬੀ ਰਣਜੀਤ ਕੌਰ ਦਿੱਲੀ, ਸ. ਸਤਨਾਮ ਸਿੰਘ ਖੀਵਾ, ਆਲ ਇੰਡੀਆ ਫੈਡਰੇਸ਼ਨ ਦੇ ਪ੍ਰਧਾਨ ਸ. ਸੁਖਦੇਵ ਸਿੰਘ ਰਿਆਤ, ਦਲ ਬਿਧੀਚੰਦ ਸੁਰਸਿੰਘ ਵੱਲੋਂ ਬਾਬਾ ਪ੍ਰੇਮ ਸਿੰਘ, ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਬਲਵਿੰਦਰ ਸਿੰਘ ਚੌਂਕ ਮਹਿਤਾ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਸੁਖਪਾਲ ਸਿੰਘ ਮਾਲਵਾ, ਬਾਬਾ ਹਰਜਿੰਦਰ ਸਿੰਘ ਮੁਕਤਸਰ ਵਾਲੇ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਜੱਸਾ ਸਿੰਘ, ਬਾਬਾ ਰਘਬੀਰ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਤੇਜਾ ਸਿੰਘ ਐਮਏ, ਬਾਬਾ ਰਾਮ ਸਿੰਘ ਰਸ਼ੀਆਨਾਪੁਰ, ਸਿੱਖ ਵਿਦਵਾਨ ਸ. ਤਲਵਿੰਦਰ ਸਿੰਘ ਬੁੱਟਰ, ਸ. ਕਿਰਪਾਲ ਸਿੰਘ ਮਰਵਾਹਾ, ਸ. ਜਸਵਿੰਦਰ ਸਿੰਘ ਨਾਗੀ, ਸ. ਸੋਹਣ ਸਿੰਘ ਝੀਤਾ, ਸ. ਕੁਲਵੰਤ ਸਿੰਘ ਬੱਲ, ਸ, ਬਲਜੀਤ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ. ਜਗਦੀਪ ਕੌਰ, ਸ. ਜਸਵਿੰਦਰ ਸਿੰਘ ਰਿਆਤ ਪ੍ਰਧਾਨ ਸਿੱਖ ਬੰਧੂ ਵੈਲਫੇਅਰ ਟਰੱਸਟ ਦਿੱਲੀ, ਸ. ਮਲਕੀਤ ਸਿੰਘ ਦਿੱਲੀ, ਸ. ਅਮਰਜੀਤ ਸਿੰਘ ਕਿਸ਼ਨਪੁਰਾ, ਸ. ਸਤਨਾਮ ਸਿੰਘ ਵਿਰਦੀ, ਮਾਸਟਰ ਪ੍ਰਵੀਨ ਸਿੰਘ ਬਟਾਲਾ, ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਗੁਰਮੀਤ ਸਿੰਘ ਬੁੱਟਰ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਦਿਆਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਕੁਲਦੀਪ ਸਿੰਘ ਰੋਡੇ, ਪ੍ਰੋ. ਸੁਖਦੇਵ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸਾਬਕਾ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ, ਓਐਸਡੀ ਸ. ਜਤਿੰਦਰਪਾਲ ਸਿੰਘ, ਸ. ਸੁਖਜਿੰਦਰ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।