ਨੌਜਵਾਨ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਗਵਾਰਾ ਦਾ ਕਿਸਾਨ ਸੁਖਮਨਪ੍ਰੀਤ ਸਿੰਘ

ਗੁਰਦਾਸਪੁਰ, 15 ਜੁਲਾਈ 2024 : ਜਿੱਥੇ ਅੱਜ ਪੰਜਾਬ ਵਿਚ ਰਵਾਇਤੀ ਖੇਤੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਜਿਵੇਂ ਕਿ ਪਾਣੀ ਦਾ ਪੱਧਰ ਘੱਟ ਹੋਣਾ, ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾਲ ਪੌਣ ਪਾਣੀ ਦਾ ਦੂਸ਼ਿਤ ਹੋਣਾ, ਸਟੱਬਲ ਬਰਨਿੰਗ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘਟਣਾ ਆਦਿ ਅਤੇ ਖੇਤੀ ਵਿਚ ਘੱਟ ਰਹੇ ਮੋਹ ਕਾਰਨ ਨੌਜਵਾਨਾਂ ਵਿਚ ਬਾਹਰਲੇ ਦੇਸ਼ਾਂ ਵੱਲ ਜਾਣ ਦਾ ਰੁਝਾਨ ਵੱਧ ਰਿਹਾ ਹੈ ਓਥੇ ਹੀ ਕੁਝ ਨੌਜਵਾਨ ਕਿਸਾਨਾਂ ਵੱਲੋਂ ਕਿਸਾਨੀ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਹੀ ਕੋਸ਼ਿਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਨੌਜਵਾਨ ਕਿਸਾਨਾਂ ਵਿਚੋਂ ਸੁਖਮਨਪ੍ਰੀਤ ਸਿੰਘ ਪੁੱਤਰ ਸ. ਗੁਰਪ੍ਰੀਤ ਸਿੰਘ ਪਿੰਡ ਗਵਾਰਾ ਬਲਾਕ ਡੇਰਾ ਬਾਬਾ ਨਾਨਕ ਵੀ ਹਨ। ਹੋਰਨਾਂ ਨੌਜਵਾਨਾਂ ਵਾਂਗ ਸੁਖਮਨਪ੍ਰੀਤ ਸਿੰਘ ਨੂੰ ਵੀ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਭਵਿੱਖ ਦੀ ਚਿੰਤਾ ਸੀ ਅਤੇ ਕਿਤੇ ਨਾ ਕਿਤੇ ਓਹਨਾਂ ਦੇ ਮਨ ਵਿੱਚ ਵੀ ਬਾਹਰਲੇ ਦੇਸ਼ ਜਾਣ ਦਾ ਖ਼ਿਆਲ ਆ ਰਿਹਾ ਸੀ। ਪ੍ਰੰਤੂ ਆਪਣੇ ਵੱਡ ਵਡੇਰਿਆਂ ਦੁਆਰਾ ਮਿਹਨਤ ਨਾਲ ਬਣਾਈ ਹੋਈ ਜ਼ਮੀਨ ਦਾ ਮੋਹ ਓਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਸੋ ਇਸ ਮੋਹ ਦੇ ਚੱਲਦਿਆਂ ਓਹਨਾਂ ਨੇ ਆਪਣੇ ਪਰਿਵਾਰ ਦੀ ਖੇਤੀ ਨੂੰ ਅੱਗੇ ਵਧਾਉਣ ਦਾ ਨਿਸ਼ਚਾ ਕਰ ਲਿਆ।  ਇਸ ਦੇ ਨਾਲ ਹੀ ਨੌਜਵਾਨ ਕਿਸਾਨ ਨੇ ਆਪਣੀ ਪੜਾਈ ਨੂੰ ਅੱਗੇ ਵਧਾਉਣ ਲਈ ਬੀ ਕਾਮ ਦੇ ਕੋਰਸ ਵਿੱਚ ਦਾਖਲਾ ਲੈ ਲਿਆ। ਸੁਖਮਨਪ੍ਰੀਤ ਸਿੰਘ ਆਪਣੀ ਖੇਤੀ, ਰਵਾਇਤੀ ਢੰਗ ਤੋਂ ਹੱਟ ਕੇ ਵਾਤਾਵਰਨ ਦੇ ਅਨੁਕੂਲ ਰਹਿ ਕੇ ਕਰਨਾ ਚਾਹੁੰਦੇ ਸਨ, ਇਸ ਸਬੰਧ ਵਿੱਚ ਓਹਨਾਂ ਆਪਣੇ ਇਲਾਕੇ ਦੇ ਖੇਤੀਬਾੜੀ ਮਾਹਿਰ ਸ਼੍ਰੀ ਗੁਰਪ੍ਰਤਾਪ ਸਿੰਘ ਏ.ਡੀ.ਓ ਅਤੇ ਸ਼੍ਰੀ ਪੁਨੀਤ ਢਿੱਲੋਂ ਨਾਲ ਸੰਪਰਕ ਕੀਤਾ। ਖੇਤੀਬਾੜੀ ਮਾਹਿਰਾਂ ਨੇ ਘੱਟ ਰਹੇ ਪਾਣੀ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ। ਇਸ ਸਲਾਹ ਤੇ ਪੂਰਾ ਉੱਤਰਦਿਆਂ ਕਿਸਾਨ ਵੱਲੋਂ ਸਾਲ 2022 ਵਿੱਚ ਕਰੀਬ 7 ਏਕੜ ਵਿੱਚ ਝੋਨੇ ਦੀ ਕਾਸ਼ਤ ਸਿੱਧੀ ਬਿਜਾਈ ਰਾਹੀਂ ਕੀਤੀ। ਸ਼ੁਰੂਆਤੀ ਦੌਰ ਵਿੱਚ ਇਸ ਤਕਨੀਕ ਬਾਰੇ ਘੱਟ ਜਾਣਕਾਰੀ ਹੋਣ ਕਰਕੇ ਕਿਸਾਨ ਵੱਲੋਂ ਆਪਣੀ ਫ਼ਸਲ ਦੀ ਸਾਂਭ ਸੰਭਾਲ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਤੇ ਖੇਤੀ ਰਸਾਲਿਆਂ ਦੀ ਮਦਦ ਰਾਹੀਂ ਕੀਤੀ। ਆਪਣੀ ਮਿਹਨਤ ਸਦਕਾ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਤੇ ਚਲਦਿਆਂ ਕਿਸਾਨ ਵੱਲੋਂ ਪਹਿਲੇ ਸਾਲ ਹੀ ਇਸ ਵਿਧੀ ਰਾਹੀਂ ਝੋਨੇ ਦੀ ਸਫਲ ਕਾਸ਼ਤ ਕੀਤੀ ਗਈ ਅਤੇ ਫ਼ਸਲ ਦਾ ਭਰਪੂਰ ਝਾੜ ਲਿਆ। ਇਹ ਝਾੜ ਕਿਸਾਨ ਵੱਲੋਂ ਘੱਟ ਪਾਣੀ ਦੀ ਵਰਤੋਂ ਕਰਦਿਆਂ ਅਤੇ ਘੱਟ ਖ਼ਰਚੇ ਦੇ ਨਾਲ ਪ੍ਰਾਪਤ ਕੀਤਾ ਗਿਆ। ਕਿਸਾਨ ਅਨੁਸਾਰ ਓੁਹਨਾਂ ਇਸ ਵਿਧੀ ਰਾਹੀਂ ਪ੍ਰਤੀ ਏਕੜ ਸਿੱਧੇ ਤੌਰ ਤੇ 5000 ਤੋਂ 7000 ਰੁਪਏ ਦੀ ਬੱਚਤ ਕੀਤੀ ਜਦ ਕਿ ਅਸਿੱਧੇ ਤੌਰ ਤੇ ਘੱਟ ਪਾਣੀ ਦੀ ਵਰਤੋਂ ਕਰਦਿਆਂ ਅਤੇ ਪਾਣੀ ਜੀਰਨ ਦੀ ਵਜ੍ਹਾ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਯੋਗਦਾਨ ਪਾਇਆ। ਇਸ ਦੇ ਨਾਲ ਹੀ ਆਮ ਕੱਦੂ ਵਾਲੇ ਝੋਨੇ ਨਾਲ ਜ਼ਮੀਨ ਵਿੱਚ ਜੋ ਸਖ਼ਤ ਪਰਤ ਬਣਦੀ ਹੈ, ਸਿੱਧੀ ਬਿਜਾਈ ਵਿੱਚ ਓੁਹ ਨਹੀਂ ਬਣਦੀ, ਜਿਸ ਨਾਲ ਜ਼ਮੀਨ ਦੇ ਕਣਾਂ ਦੀ ਬਣਤਰ ਸਹੀ ਰਹਿੰਦੀ ਹੈ ਅਤੇ ਧਰਤੀ ਹੇਠਲੇ ਸੂਖਮ ਜੀਵਾਂ ਦਾ ਸਹੀ ਵਰਤਾਰਾ ਰਹਿੰਦਾ ਹੈ। ਆਪਣੀ ਪਿਛਲੇ ਸਾਲ ਦੀ ਸਫ਼ਲਤਾ ਦੇ ਕਾਰਨ ਕਿਸਾਨ ਵੱਲੋਂ ਸਾਲ 2023 ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾ ਕੇ 13 ਏਕੜ ਕਰ ਦਿੱਤਾ ਗਿਆ ਅਤੇ ਇਸ ਸਾਲ (2024) ਵਿੱਚ ਕਿਸਾਨ ਵੱਲੋਂ ਆਪਣੇ ਪੂਰੇ ਰਕਬੇ (20 ਏਕੜ) ਵਿੱਚ ਇਸ ਵਿਧੀ ਰਾਹੀਂ ਹੀ ਝੋਨੇ ਦੀ ਕਾਸ਼ਤ ਕੀਤੀ ਗਈ ਹੈ। ਆਪਣੇ ਪਿਛਲੇ ਦੋ ਸਾਲਾਂ ਦੇ ਤਜਰਬੇ ਵਿੱਚ ਕਿਸਾਨ ਨੇ ਵੇਖਿਆ ਕਿ ਸਿੱਧੀ ਬਿਜਾਈ ਵਾਲਾ ਝੋਨਾ ਕੱਦੂ ਕੀਤੇ ਝੋਨੇ ਤੋਂ 10-15 ਦਿਨ ਪਹਿਲਾਂ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸ ਤਜਰਬੇ ਨੂੰ ਅਵਸਰ ਵਿੱਚ ਬਦਲਣ ਲਈ ਕਿਸਾਨ ਵੱਲੋਂ ਇਸ ਸਾਲ ਬਾਸਮਤੀ ਦੀ ਕਾਸ਼ਤ ਵਧੇਰੇ ਕੀਤੀ ਗਈ ਹੈ। ਉਸ ਦਾ ਮੰਨਣਾ ਹੈ ਕਿ ਬਾਸਮਤੀ ਦੀ ਫ਼ਸਲ ਝੋਨੇ ਦੀਆਂ ਦੂਸਰੀਆਂ ਕਿਸਮਾਂ ਤੋਂ ਪਹਿਲਾਂ ਪੱਕ ਕੇ ਤਿਆਰ ਹੋ ਜਾਵੇਗੀ ਅਤੇ ਓਹਨਾਂ ਦੇ ਖੇਤ ਤੀਸਰੀ ਫ਼ਸਲ ਜਿਵੇਂ ਕਿ ਆਲੂ, ਮਟਰ ਆਦਿ ਦੀ ਕਾਸ਼ਤ ਕਰਨ ਲਈ ਵਿਹਲੇ ਹੋ ਜਾਣਗੇ। ਸੋ ਇਹ ਕਿਸਾਨ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ ਹੋਇਆ ਹੈ ਜੋ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਆਪਣੀ ਪੜ੍ਹਾਈ ਦੇ ਨਾਲ ਚੰਗੀ ਅਤੇ ਲਾਹੇਵੰਦ ਖੇਤੀ ਕਰਨਾ ਚਾਹੁੰਦੇ ਹਨ।