ਸਰਕਾਰੀ ਪੋਲਟੈਕਨੀਕਲ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੇ ਰੀਫਲ ਕਰਨ ਤੋ ਪਹਿਲਾਂ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਸਿੱਖੇ ਗੁਰ

ਬਟਾਲਾ, 12 ਫਰਵਰੀ : ਸਰਕਾਰੀ ਪੋਲਟੈਕਨੀਕਲ ਕਾਲਜ ਵਿਖੇ ਪ੍ਰਿੰਸੀਪਲ ਰਾਜਦੀਪ ਸਿੰਘ ਬੱਲ ਦੀ ਅਗਵਾਈ ਅਤੇ ਕੈਮੀਕਲ ਵਿਭਾਗ ਦੇ ਇੰਚਾਰਜ ਜਸਬੀਰ ਸਿੰਘ ਦੀ ਦੇਖਰੇਖ ਹੇਠ ਵਿਦਿਆਰਥੀਆਂ ਲਈ ਮੁੱਢਲ਼ੀ ਅੱਗ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਡਿਫੈਂਸ ਬਟਾਲਾ ਵੱਲੋਂ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਇੰਜ: ਜਸਬੀਰ ਸਿੰਘ ਨੇ ਦਸਿਆ ਕਿ ਮੁੱਢਲ਼ੀ ਅੱਗ ਸੁਰੱਖਿਆ ਬਾਰੇ ਵਿਦਿਆਰਥੀਆਂ ਦਾ ਜਾਣੂ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਸੈਮੀਨਾਰ ਦਾ ਮੰਤਵ ਹਾਦਸਿਆਂ ਨੂੰ ਘੱਟ ਕਰਨਾ ਅਤੇ ਮੌਕੇ ‘ਤੇ ਕਿਵੇਂ ਨਿਜੱਠਿਆ ਜਾਵੇ, ਸਬੰਧੀ ਜਾਗਰੂਕ ਕਰਨਾ ਹੈ। ਇਸ ਉਪਰੰਤ ਹਰਬਖਸ਼ ਸਿੰਘ ਨੇ ਦਸਿਆ ਕਿ ਹਰੇਕ ਅੱਗ ਬੁਝਾਊ ਯੰਤਰ ਨੂੰ ਸਾਲ ਬਾਅਦ ਭਰਵਾਉਣ ਤੋਂ ਪਹਿਲਾਂ ਇਹਨਾਂ ਦੁਆਰਾ ਪ੍ਰਾਇਮਰੀ ਫਾਇਰ ਸੇਫਟੀ ਅਭਿਆਸ ਕੀਤਾ ਜਾਵੇ ਤਾਂ ਜੋ ਮੌਕੇ ‘ਤੇ ਕਿਸੇ ਵੀ ਅੱਗ ਲੱਗਣ ਦੀ ਸਥਿਤੀ ਵਿਚ, ਉਸ ਨੂੰ ਕਾਬੂ ਕੀਤਾ ਜਾ ਸਕੇ। ਅਭਿਆਸ ਨਾ ਹੋਣ ਕਾਰਣ ਛੋਟੇ ਹਾਦਸੇ ਨੂੰ ਵੱਡਾ ਹੋਣ ‘ਚ ਦੇਰ ਨਹੀ ਲਗਦੀ । ਉਹਨਾਂ ਵਲੋਂ ਅੱਗ ਬੁਝਾਊ ਯੰਤਰ ਦੀ ਵਰਤੋਂ ਗੁਰ ਪਾਸ (ਪੀ-ਏ-ਐਸ-ਐਸ) ਬਾਰੇ ਦੱਸਦੇ ਹੋਏ ਕਿਹਾ ਕਿ ਪੀ ਤੋ ਪੁਲ ਭਾਵ ਪਿੰਨ ਖਿੱਚੋ  ਏ ਤੋ ਏਮ ਭਾਵ ਅੱਗ ਵੱਲ ਠੋਸ ‘ਤੇ ਨਿਸ਼ਾਨਾ ਸਾਧੋ  ਐਸ ਤੋ ਸਕਿਊਜ ਭਾਵ ਹੈਂਡਲ ਦਬਾਓ ਤੇ ਐਸ ਤੋ ਸਵਾਈਪ ਭਾਵ ਅੱਗ ਲਗੇ ਉਪਰ (ਸੱਜੇ-ਖੱਬੇ) ਛੜਕਾ ਕਰੋ । ਯਾਦ ਰਹੇ ਕਿ ਹਵਾ ਦਾ ਰੁੱਖ ਤੁਹਾਡੀ ਪਿਠ ਵਾਲੇ ਪਾਸੇ ਹੋਵੇ ਤਾਂ ਜੋ ਕੈਮੀਕਲ ਪਾਊਡਰ ਤੁਹਾਡੇ ਹੀ ਉਪਰ ਨਾ ਪਵੇ । ਮੌਕੇ ‘ਤੇ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਤੇ ਸੂਝ-ਬੂਝ ਨਾਲ ਕੀਤੀ ਜਾਣੀ ਚਾਹਿਦੀ ਹੈ। ਅੱਗ ਬੁਝਾਉਣ ਮੌਕੇ ਸਿਲੰਡਰ ‘ਤੇ ਆਪਣੀ ਪਕੜ ਪੂਰੀ ਬਣਾ ਕੇ ਰੱਖੋ, ਜੇਕਰ ਕਿਸੇ ਕਾਰਣ ਜਮੀਨ ‘ਤੇ ਡਿੱਗ ਪਵੇ ਤਾਂ ਮਿਜ਼ਾਇਲ ਵਾਂਗ ਦੋੜਦੇ ਤੇ ਤਬਾਹੀ ਕਰ ਸਕਦੇ ਹਨ।  ਵਿਦਿਆਰਥੀਆਂ ਨੂੰ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦਾ ਅਭਿਆਸ ਵੀ ਕਰਵਾਇਆ ਗਿਆ। ਅੰਤ ਵਿੱਚ ਜਸਬੀਰ ਸਿੰਘ ਨੇ ਆਏ ਹੋਏ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਵਿਦਿਆਰਥੀ ਇਸ ਮੌਕੇ ਮਿਲੀ ਜਾਣਕਾਰੀ ਨੂੰ ਸੰਕਟਕਾਲੀਨ ਸਮਾਂ ਆੁੳਣ ਤੇ ਜਰੂਰ ਅਮਲ ਵਿੱਚ ਲਿਆਉਣਗੇ। ਇਸ ਮੌਕੇ ਸਪੋਰਟਸ ਅਫਸਰ ਜਗਦੀਪ ਸਿੰਘ, ਸੈਕਟਰੀ ਐਸ. ਆਰ. ਸੀ. ਮੈਡਮ ਰੇਖਾ, ਅਸਟੇਟ ਅਫਸਰ ਸਾਹਿਬ ਸਿੰਘ ਅਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ।