ਜ਼ਿਲ੍ਹੇ ਵਿੱਚ "ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ" ਨਾਮ ਹੇਠ 01 ਅਕਤੂਬਰ ਨੂੰ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ-ਡਿਪਟੀ ਕਮਿਸ਼ਨਰ

  • ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਜਨਤਕ ਸਥਾਨਾਂ ਦੀ ਸਫਾਈ ਲਈ ਸ਼਼੍ਰਮਦਾਨ ਕਰਕੇ ਸਵੱਛਤਾ ਹੀ ਸੇਵਾ ਮੁਹਿੰਮ ਹਿੱਸਾ ਬਣਨ ਦੀ ਕੀਤੀ ਅਪੀਲ

ਤਰਨ ਤਾਰਨ, 28 ਸਤੰਬਰ : ਸਵੱਛਤਾ ਹੀ ਸੇਵਾ ਮੁਹਿੰਮ-2023 ਤਹਿਤ ਗੰਦਗੀ ਮੁਕਤ ਭਾਰਤ ਥੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਵਾਧੂ ਚਾਰਜ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਕਮਲਜੀਤ ਸਿੰਘ ਅਤੇ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਰਜਤ ਗੋਪਾਲ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ-2023 ਅਧੀਨ  ਗਾਂਧੀ ਜਯੰਤੀ ਦੀ ਪੂਰਵ ਸੰਧਿਆ ਨੂੰ ਸਮਰਪਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ `ਸਵੱਛਾਂਜਲੀ` ਦੇਣ ਲਈ ਸਮੁੱਚੇ ਦੇਸ਼ ਵਿੱਚ 01 ਅਕਤੂਬਰ 2023 ਨੂੰ ਸਵੇਰੇ 10 ਵਜੇ ਸਵੱਛਤਾ ਨਾਗਰਿਕਾਂ ਦੀ ਅਗਵਾਈ ਵਿੱਚ ਇੱਕ  ਘੰਟਾ ਸ਼੍ਰਮਦਾਨ " ਏਕ ਤਾਰੀਖ, ਏਕ ਘੰਟਾ ਏਕ ਸਾਥ"ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ "ਏਕ ਤਾਰੀਖ, ਏਕ ਘੰਟਾ ਏਕ ਸਾਥ" ਦਾ ਹਿੱਸਾ ਬਣਕੇ ਸਵੱਛਤਾ ਹੀ ਸੇਵਾ ਅਭਿਆਨ ਨੂੰ ਕਾਮਯਾਬ ਕਰਨ ਲਈ ਜਨਤਕ ਸਥਾਨਾਂ ਦੀ ਸਫਾਈ ਲਈ ਸ਼਼੍ਰਮਦਾਨ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ।ਉਨ੍ਹਾਂ ਕਿਹਾ ਕਿ ਇਸ ਦਿਨ ਆਪਣੇ ਆਲੇ ਦੁਆਲੇ ਪਬਲਿਕ ਸਥਾਨਾਂ ਜਿਵੇ ਗਲੀ, ਧਾਰਮਿਕ ਸਥਾਨਾਂ, ਪਾਰਕਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬਜਾਰਾਂ ਆਦਿ ਅਤੇ ਹੋਰ ਜਨਤਕ ਸਥਾਨਾਂ ਦੀ ਸਫਾਈ ਕਰਨ ਲਈ ਅੱਗੇ ਆਉਂਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 01 ਅਕਤੂਬਰ ਨੂੰ ਜ਼ਿਲ੍ਹੇ ਵਿੱਚ "ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ" ਨਾਮ ਹੇਠ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਸਮੂਹ ਨਾਗਰਿਕਾਂ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ 01 ਅਕਤੂਬਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਇੱਕ ਘੰਟਾ ਸਫਾਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਤਹਿਤ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਨਾਗਰਿਕਾਂ ਨੂੰ ਸਾਫ ਸਫਾਈ ਲਈ ਜਾਗਰੂਕ ਕਰਕੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਣ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਇੱਕ ਘੰਟਾ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਬਣਾਉਣ ਲਈ ਜਾਗਰੂਕ ਕਰਕੇ ਸਫਾਈ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚੁਣੀਆਂ ਗਈਆ ਜਨਤਕ ਥਾਵਾਂ ਤੇ ਸਫਾਈ ਸੇਵਕਾਂ ਰਾਹੀਂ ਸਾਫ ਸਫਾਈ ਕਰਵਾਈ ਜਾਵੇਗੀ ਅਤੇ ਇਕੱਠਾ ਕੀਤਾ ਗਿਆ ਕੂੜਾ ਪ੍ਰਬੰਧਨ ਲਈ ਨੇੜਲੇ ਵੇਸਟ ਮੈਨੇਜਮੈਂਟ ਯੁਨਿਟ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਸਵੱਛਤਾ ਪ੍ਰੋਗਰਾਮ ਵਿੱਚ ਸਥਾਨਿਕ ਨਾਗਰਿਕਾਂ, ਲੋਕਾਂ ਦੇ ਚੁਣੇ ਨੁਮਾਇੰਦਿਆਂ, ਸਮਾਜਿਕ, ਧਾਰਮਿਕ ਤੇ ਵਿੱਦਿਅਕ ਸੰਸਥਾਵਾਂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਐਸੋਸੀਏਸ਼ਲਾਂ, ਯੂਥ ਕਲੱਬਾਂ, ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ, ਹੋਟਲ ਢਾਬਿਆਂ ਦਾ ਯੋਗਦਾਨ ਵੀ ਲਿਆ ਜਾਵੇਗਾ।