ਸਿੱਧੀ ਭਰਤੀ ਦੇ ਪੇਪਰ ਸਮੇਂ ਦਿਵਿਆਂਗਜਨਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਕਰਾਈਬਰ ਅਤੇ ਰੀਡਰ

  • ਜਿ਼ਲ੍ਹਾ ਤਰਨਤਾਰਨ ਵਿੱਚ ਸਵੈ ਇੱਛਾ ਅਨੁਸਾਰ ਸਕਰਾਈਬਰ ਅਤੇ ਰੀਡਰਾਂ ਦੀਆਂ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਪਾਸੋਂ ਵੇਰਵਿਆਂ ਦੀ ਮੰਗ
  • ਦਿਵਿਆਂਗਜਨਾਂ ਨੂੰ ਇਹ ਸੇਵਾਵਾਂ ਦੇਣ ਦੇ ਚਾਹਵਾਨ ਆਪਣੇ ਵੇਰਵੇ ਜਿ਼ਲ੍ਹਾ ਸਮਾਜਿਕ ਸੁਰੱਖਆ ਅਫ਼ਸਰ ਦੇ ਦਫ਼ਤਰ ਵਿਖੇ ਕਰਨ ਸਾਂਝੇ-ਕਿਰਤਪ੍ਰੀਤ ਕੌਰ

ਤਰਨਤਾਰਨ, 6 ਜੁਲਾਈ : ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਜਦੋਂ  ਕੋਈ ਸਿੱਧੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ ਤਾਂ ਦਿਵਿਆਂਗਜ਼ਨ ਵਿਅਕਤੀਆਂ ਨੂੰ ਇਹ ਵਿਭਾਗੀ ਪ੍ਰੀਖਿਆਾਵਾਂ ਦੇਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾਾ ਹੈ। ਜਿਹਨਾਂ ਵਿਅਕਤੀਆਂ ਦੀ ਦਿਵਿਆਂਗਤਾ 40 ਜਾਂ ਇਸ ਤੋਂ ਵੱਧ ਪ੍ਰਤੀਸ਼ਤ ਦੀ ਹੈ ਉਨ੍ਹਾਂ ਦਿਵਿਆਂਗਜਨਾਂ ਨੂੰ ਸਕਰਾਈਬਰ (ਲੇਖਕ) ਅਤੇ ਰੀਡਰ (ਪਾਠਕ) ਵਿਅਕਤੀਆਂ ਦੀ ਮੱਦਦ ਦੀ ਜਰੂਰਤ ਹੁੰਦੀ ਹੈ ਤਾਂ ਕਿ ਉਹ ਇਹ ਪ੍ਰੀੀਿਖਆਵਾਂ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਦੇ ਸਕਣ। ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਕਈ ਵਾਰੀ ਦਿਵਿਆਂਗਜਨਾਂ ਨੂੰ ਇਹ ਸਹੂਲਤ ਸਮੇਂ ਸਿਰ ਮੁਹੱਈਆ ਨਹੀਂ ਹੋ ਪਾਉਂਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤਰਨਤਾਰਨ ਸ੍ਰੀਮਤੀ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਦੇ ਮੱਦੇਨਜ਼ਰ ਅਤੇ ਦਿਵਿਆਂਗਜਨਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਹੁਣ ਜਿਹੜੇ ਵਿਅਕਤੀ ਸਵੈਇੱਛਾ ਨਾਲ ਦਿਵਿਆਂਗਜਨਾਂ ਨੂੰ ਸਕਰਾਈਬਰ (ਲੇਖਕ) ਅਤੇ ਰੀਡਰ (ਪਾਠਕ) ਦੀ ਸਹੂਲਤੀਅਤ ਮੁਹੱਈਆ ਕਰਵਾਉਣਗੇ ਦਾ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ ਤਾਂ ਕਿ ਲੋੜ ਪੈਣ ਉੱਪਰ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਸ੍ਰੀਮਤੀ ਕਿਰਤਪ੍ਰੀਤ ਕੌਰ ਨੇ ਜਿ਼ਲ੍ਹਾ ਤਰਨਤਾਰਨ ਦੇ ਸਵੈਇੱਛਕ ਲੇਖਕਾਂ ਅਤੇ ਪਾਠਕਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਜਿਹੜੇ ਵਿਅਕਤੀ ਜਿ਼ਲ੍ਹਾ ਤਰਨਤਾਰਨ ਵਿੱਚ ਦਿਵਿਆਂਗਜਨਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਣ ਦੇ ਇਛੁੱਕ ਹਨ ਉਹ ਆਪਣੇ ਨਿੱਜੀ ਵੇਰਵਿਆਂ ਅਤੇ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਦੇ ਸਮੇਤ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨਤਾਰਨ ਵਿਖੇ ਦਫ਼ਤਰ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਗਰਾਊਂਡ ਫਲੋਰ ਕਮਰਾ ਨੰ: 9 ਵਿੱਚ ਆ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਪਾਸੋਂ, ਦਿਵਿਆਂਗਜ਼ਨ ਵਿਅਕਤੀਆਂ ਨੂੰ ਆਉਣ ਵਾਲੇ ਸਮੇਂ ਵਿਚ ਜਦੋਂ ਕਿਤੇ ਵੀ, ਭਰਤੀ ਲਈ ਪੇਪਰ ਦੇਣ ਹਿੱਤ ਸਕਰਾਈਬਰ ਅਤੇ ਰੀਡਰ ਦੀ ਜਰੂਰਤ ਹੋਵੇ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ।  ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਯੋਗ ਵਿਅਕਤੀ ਆਪਣੇ ਵੇਰਵੇ ਦਫ਼ਤਰ ਨਾਲ ਸਾਂਝੇ ਕਰਨ ਤਾਂ ਕਿ ਦਿਵਿਆਂਗਜਨਾਂ ਦੀ ਭਲਾਈ ਲਈ ਉਨ੍ਹਾਂ ਦਾ ਵੱਡਮੁੱਲਾ ਸਹਿਯੋਗ ਲਿਆ ਜਾ ਸਕੇ।