ਬਟਾਲਾ 'ਚ ਲੁਟੇਰਿਆਂ ਨੇ ਕਲੀਨਿਕ ਮਾਲਕ ਨੂੰ ਮਾਰੀਆਂ ਗੋਲੀਆਂ

ਬਟਾਲਾ, 3 ਅਕਤੂਬਰ : ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਇਲਾਕੇ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਕਲੀਨਿਕ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਵਲੋਂ ਸਰਬਜੀਤ ਨਾਮ ਦੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪਿੰਡ ਵਿੱਚ ਹੀ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ। ਜ਼ਖਮੀ ਸਰਬਜੀਤ ਨੇ ਦੱਸਿਆ ਕੀ ਉਹ ਆਪਣੇ ਕਲੀਨਿਕ ਤੇ ਸੀ, ਜਦੋਂ ਦੋ ਲੋਕ ਹੱਥ ਵਿੱਚ ਪਿਸਟਲ ਲੈ ਕੇ ਆਏ ਤੇ ਉਸਨੂੰ ਧਮਕੀ ਦੇ ਕੇ ਕਿਹਾ ਕਿ ਉਸਨੇ ਅਗਰ ਆਪਣੀ ਜਾਨ ਬਚਾਉਣੀ ਹੈ ਤੇ ਤਾਂ ਜੋ ਕੁਝ ਵੀ ਉਸਦੇ ਕੋਲ ਹੈ ਉਹ ਉਹਨਾਂ ਨੂੰ ਦੇ ਦੇਵੇ। ਜਦੋਂ ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਟਲ ਹੱਥ ਮਾਰਕੇ ਇਕ ਸਾਈਡ ਨੂੰ ਕੀਤਾ ਤਾਂ ਲੁਟੇਰਿਆਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ, ਜੋ ਉਸਦੀ ਲੱਤ ਵਿੱਚ ਲੱਗੀਆਂ। ਸਰਬਜੀਤ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਗੋਲੀ ਚਲਾਉਣੀ ਚਾਹੀ ਤਾਂ ਲੁਟੇਰੇ ਉਸਦਾ ਪਿਸਟਲ ਖੋਹ ਕੇ ਫਰਾਰ ਹੋ ਗਏ।