ਪੌਂਗ ਡੈਮ ਤੋਂ ਪਾਣੀ ਦੀ ਨਿਕਾਸੀ ਘੱਟ ਕੇ 80,000 ਕਿਊਸਿਕ ਹੋਈ

  • ਪਾਣੀ ਦੀ ਨਿਕਾਸੀ ਘੱਟ ਹੋਣ ਨਾਲ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਘਟਿਆ

ਗੁਰਦਾਸਪੁਰ, 17 ਅਗਸਤ : ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਲਈ ਪੌਂਗ ਡੈਮ ਤੋਂ ਰਾਹਤ ਦੀ ਖ਼ਬਰ ਆਈ ਹੈ। ਪੌਂਗ ਡੈਮ ਦੇ ਪ੍ਰਬੰਧਕਾਂ ਵੱਲੋਂ ਪਾਣੀ ਦੀ ਨਿਕਾਸੀ ਘਟਾ ਕੇ 80,000 ਕਿਊਸਿਕ ਕਰ ਦਿੱਤੀ ਗਈ ਹੈ, ਜਿਸ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਦਰਿਆ ਬਿਆਸ ਵਿੱਚ 80000 ਕਿਊਸਿਕ ਪਾਣੀ ਆ ਰਿਹਾ ਹੈ ਜਿਸ ਨਾਲ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕਮੀ ਆਵੇਗੀ। ਉੱਨਾਂ ਕਿਹਾ ਕਿ ਪਾਣੀ ਘੱਟਣ ਨਾਲ ਬੇਟ ਇਲਾਕੇ ਵਿਚ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡ ਜਗਤਪੁਰ ਟਾਂਡਾ ਵਿਖੇ ਧੁੱਸੀ ਬੰਨ `ਚ ਪਏ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ ਅਤੇ ਪਾਣੀ ਘੱਟਣ ਨਾਲ ਰਿਪੇਅਰ ਦਾ ਕੰਮ ਵੀ ਅਸਾਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਾਣੀ ਘੱਟਣ ਤੋਂ ਬਾਅਦ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।