ਸਿਖਿਆ ਪੱਖੋਂ ਪੰਜਾਬ ਬਣਗੇ ਨੰਬਰ ਇਕ ਸੂਬਾ : ਕੈਬਨਿਟ ਮੰਤਰੀ ਈ.ਟੀ.ਓ 

  • ਦਸ਼ਮੇਸ਼ ਨਗਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਦੌਰਾ

ਅੰਮ੍ਰਿਤਸਰ, 2 ਅਗਸਤ : ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿਖਿਆ ਨੂੰ ਬੜਾਵਾ ਦੇਣਾ ਹੈ ਅਤੇ ਇਸੇ ਹੀ ਤਹਿਤ ਪੂਰੇ ਸੂਬੇ ਵਿੱਚ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਜਿਥੇ ਬੱਚਿਆਂ ਨੂੰ ਨਵੇਂ ਢੰਗਾਂ ਨਾਲ ਸਿਖਿਆ ਦੇ ਕੇ ਪ੍ਰਤੀਯੋਗੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ  ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਦਸ਼ਮੇਸ਼ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਨ ਉਪਰੰਤ ਕੀਤਾ। ਈ.ਟੀ.ਓ ਨੇ ਇਸ ਮੌਕੇ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਸਕੂਲ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਹਿਲ ਦੇ ਅਧਾਰ ਤੇ ਸਕੂਲ ਦੀਆਂ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸ੍ਰ ਈ:ਟੀ:ਓ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਖਿਆ ਪੱਖੋਂ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣਾ  ਹੈ ਅਤੇ ਇਸੇ ਹੀ ਮੰਤਵ ਤਹਿਤ ਖਾਲੀ ਪਈਆਂ ਸਕੂਲ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੁਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਵਧੀਆ ਸਿਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਖਿਆ ਵਰਗੇ ਖੇਤਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਜਿਸ ਨਾਲ ਸਾਡੇ ਹਜਾਰਾਂ ਬੱਚਿਆਂ ਨੂੰ ਪੜ੍ਹਾਈ ਲਈ ਅੱਗੇ ਵੱਧਣ ਦੇ ਮੌਕੇ ਨਸੀਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚੋਂ ਹੀ ਪੰਜਾਬ ਦਾ ਭਵਿੱਖ ਨਿਕਲਣਾ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰੀਏ। ਇਸ ਮੌਕੇ ਸ੍ਰੀਮਤੀ ਸੁਦੀਪ ਕੌਰ ਤੋਂ ਇਲਾਵਾ ਸਾਰਾ ਸਟਾਫ ਹਾਜਰ ਸੀ।