ਪੰਜਾਬ ਸਰਕਾਰ ਦਾ ਯੋਗ ਨੂੰ ਉਤਸ਼ਹਾਤ ਕਰਨ ਦਾ ਵੱਡਾ ਉਪਰਾਲਾ

  • ਜ਼ਿਲ੍ਹਾ ਗੁਰਦਾਸਪੁਰ ਵਿੱਚ ਨਵ-ਨਿਯੁਕਤ 24 ਯੋਗਾ ਇੰਸਟਰਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

ਗੁਰਦਾਸਪੁਰ, 3 ਨਵੰਬਰ: ਯੋਗ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ 24 ਯੋਗਾ ਇੰਸਟਰਕਟਰਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਨਿਯੁਕਤੀ ਪੱਤਰ ਵੰਡਣ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਨਵ-ਨਿਯੁਕਤ ਯੋਗਾ ਇੰਸਟਰਕਟਰਾਂ ਵੱਲੋ ਯੋਗ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਯੋਗ ਕਰਨ ਲਈ ਪ੍ਰੇਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਇੰਸਟਰਕਟਰਾਂ ਦੀਆਂ ਸੇਵਾਵਾਂ ਸਦਕਾ ਲੋਕ ਯੋਗ ਨਾਲ ਜੁੜ ਕੇ ਤੰਦਰੁਸਤ ਤੇ ਨਿਰੋਗੀ ਜੀਵਨ ਜਿਊਣ ਦੇ ਕਾਬਲ ਹੋਣਗੇ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਨਵ-ਨਿਯੁਕਤ ਯੋਗਾਂ ਇੰਸਟਰਕਟਰਾਂ ਨੂੰ ਵਧਾਈ ਦਿਤੀ। ਉਨਾਂ ਕਿਹਾ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਰਾਜ ਸਰਕਾਰ ਦੀ ਯੋਗ ਨੂੰ ਉਤਸ਼ਾਹਤ ਕਰਨ ਦੀਆਂ ਇਹ ਕੋਸ਼ਿਸ਼ਾਂ ਕਾਬਲੇ ਤਰੀਫ਼ ਹਨ। ਉਨ੍ਹਾਂ ਕਿਹਾ ਕਿ ਯੋਗ ਭਾਰਤ ਦੀ ਵਿਸ਼ਵ ਨੂੰ ਵਡਮੁੱਲੀ ਦੇਣ ਹੈ ਤੇ ਲਗਾਤਾਰ ਯੋਗ ਕਰਨ ਨਾਲ ਸ਼ਰੀਰ ਨਿਰੋਗ ਰਹਿੰਦਾ ਹੈ। ਇਸ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਪਰਦੀਪ ਸਿੰਘ ਨੇ ਕਿਹਾ ਕਿ 12 ਹੈਲਥ ਐਂਡ ਵੈਲਨੈੱਸ ਕੇਂਦਰਾਂ ’ਤੇ 24 ਯੋਗਾ ਇੰਸਟਰਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਕੇਂਦਰਾਂ ’ਤੇ ਵੀ ਨਵੀਆਂ ਨਿਯੁਕਤੀਆਂ ਕੀਤੀ ਜਾਣਗੀਆਂ।