ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਨਾਲ ਮਿਲਣੀ 3 ਫਰਵਰੀ ਨੂੰ ਪਠਾਨਕੋਟ ਵਿਖੇ ਹੋਵੇਗੀ : ਡਿਪਟੀ ਕਮਿਸ਼ਨਰ

  • ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਪੁੱਜਣ ਦੀ ਅਪੀਲ

ਪਠਾਨਕੋਟ, 02 ਫਰਵਰੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੀ ਪਹਿਲ ਕਦਮੀ ’ਤੇ ਪ੍ਰਵਾਸੀ ਪੰਜਾਬੀ ਭਾਰਤੀਆਂ ਨਾਲ ਰਾਜ ਭਰ ਵਿੱਚ 3 ਫਰਵਰੀ ਤੋਂ ਉਲੀਕੀਆਂ ਗਈਆਂ ਪੰਜਾਬੀ ਐਨ.ਆਰ.ਆਈਜ਼ ਨਾਲ ਮਿਲਣੀਆਂ ਤਹਿਤ ਚਾਰ ਜ਼ਿਲ੍ਹਿਆ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਪ੍ਰੋਗਰਾਮ 3 ਫਰਵਰੀ ਨੂੰ ਸਵੇਰੇ 10 ਵਜੇ ਚਮਰੋੜ (ਮਿੰਨੀ ਗੋਆ), ਪਠਾਨਕੋਟ ਵਿਖੇ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਆਦਿੱਤਿਆ ਉੱਪਲ (ਆਈ.ਏ.ਐਸ.) ਨੇ ਅੱਜ ਚਮਰੋੜ (ਮਿੰਨੀ ਗੋਆ) ਵਿਖੇ ਐਨ.ਆਰ.ਆਈ. ਮਿਲਣੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਐਨ.ਆਰ.ਆਈ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਕਰਨਗੇ। ਉਨਾਂ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮੰਤਵ ਪ੍ਰਵਾਸੀ ਪੰਜਾਬ ਭਾਰਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਭਾਰਤੀਆਂ ਨੂੰ ਇਸ ਮਿਲਣੀ ਦੌਰਾਨ 3 ਫਰਵਰੀ ਨੂੰ ਪਠਾਨਕੋਟ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਲਈ ਉੱਥੇ, ਮੌਕੇ ’ਤੇ ਹੀ ਰਜਿਸਟਰੇਸ਼ਨ ਕਾਊਂਟਰ ਲਗਾਏ ਜਾਣਗੇ।  ਉਨ੍ਹਾਂ ਇਸ ਮੌਕੇ ‘ਤੇ ਉਪਰੋਕਤ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ‘ਤੇ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਇੱਕ ਰੂਟ ਗਾਇਡ ਮੈਪ ਵੀ ਜਾਰੀ ਕੀਤਾ ਗਿਆ।