23 ਜੁਲਾਈ ਨੂੰ ਪੀਟੀਸੀ ਦਾ ਸਮਝੌਤਾ ਖ਼ਤਮ ਹੋ ਰਿਹੈ, ਹੁਣ ਅਸੀਂ ਆਪਣਾ ਚੈਨਲ ਚਲਾਵਾਂਗੇ : ਪ੍ਰਧਾਨ ਧਾਮੀ

  • ਅਜ਼ਾਦ ਭਾਰਤ 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਪਹਿਲੇ ਹਮਲੇ ਦੀ ਯਾਦ ਵਿਚ ਸਮਾਗਮ

ਅੰਮ੍ਰਿਤਸਰ, 4 ਜੁਲਾਈ : ਭਾਰਤ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅਜ਼ਾਦ ਭਾਰਤ ਵਿਚ ਸਮੇਂ-ਸਮੇਂ ਦਬਾਇਆ ਜਾਣਾ ਸਰਕਾਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਅਤੇ ਇਸੇ ਤਹਿਤ ਹੀ ਅਜ਼ਾਦੀ ਦੇ ਮਹਿਜ਼ 8 ਸਾਲ ਬਾਅਦ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਰਕਾਰ ਵੱਲੋਂ ਹਮਲਾ ਕਰਨ ਦੀ ਘਿਨੌਣੀ ਹਰਕਤ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 4 ਜੁਲਾਈ 1955 ਦੇ ਹਮਲੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨਾਲ ਹਮੇਸ਼ਾਂ ਹੀ ਦੇਸ਼ ਵਿਚ ਬੇਗਾਨਿਆਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ। 1955 ਵਿੱਚ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਡੀ.ਆਈ.ਜੀ ਮਹਾਸ਼ਾ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਪੁਲਿਸ ਚੜਾਅ ਕੇ ਨਾ ਸਿਰਫ਼ ਗੁਰ-ਅਸਥਾਨ ਦੀ ਬੇਅਦਬੀ ਕੀਤੀ, ਬਲਕਿ ਸਿੱਖਾਂ ਦਾ ਵੱਡਾ ਨੁਕਸਾਨ ਵੀ ਕੀਤਾ ਜਿਸ ਨੂੰ ਸਿੱਖ ਕੌਮ ਭੁਲਾ ਨਹੀਂ ਸਕਦੀ। ਅੱਗੇ ਬੋਲਦੇ ਹੋਏ ਓਹਨਾ ਨੇ ਕਿਹਾ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਕਰੋ ਜਿਸਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਪੀਟੀਸੀ ਚੈਨਲ ਦਾ 23 ਜੁਲਾਈ 2023 ਤੱਕ ਸਮਝੋਤਾ ਹੈ ਜਿਸ ਤੋਂ ਬਾਅਦ ਇਹਨਾਂ ਦਾ ਸਮਝੌਤਾ ਖਤਮ ਹੋ ਜਾਵੇਗਾ ਅਤੇ ਆਪਣਾ ਚੈਨਲ ਸ਼ੁਰੂ ਕਰਨ ਦੇ ਲਈ ਐਸਜੀਪੀਸੀ ਵੱਲੋਂ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਮਿੱਠਾ ਜ਼ਹਿਰ ਦੇ ਰਹੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਆਪਣਾ ਕਬਜ਼ਾ ਕਰਨਾ ਜਾਂਦੀ ਹੈ ਜਿਸਨੂੰ ਕਿ ਐਸਜੀਪੀਸੀ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ।