ਲੋਕਾਂ ਨੂੰ ਕੇਂਦਰੀ ਯੋਜਨਾਵਾਂ ਦਾ 100 ਫੀਸਦੀ ਲਾਭ ਮੁਹੱਈਆ ਕਰਵਾਉਣ ਲਈ ਕੱਢੀ ਜਾਵੇਗੀ “ਵਿਕਸਤ ਭਾਰਤ ਸੰਕਲਪ ਯਾਤਰਾ” : ਸ਼੍ਰੀ ਵਿਕਾਸ ਨਰਵਾਲ

  • ਜਿ਼ਲ੍ਹਾ ਤਰਨ ਤਾਰਨ ਵਿੱਚ 04 ਦਸੰਬਰ ਨੂੰ ਸ਼ੁਰੂ ਹੋਵੇਗੀ “ਵਿਕਸਤ ਭਾਰਤ ਸੰਕਲਪ ਯਾਤਰਾ”-ਡਿਪਟੀ ਕਮਿਸ਼ਨਰ
  • 05 ਜਾਗਰੂਕਤਾ ਵੈਨਾਂ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਕਰਨਗੀਆਂ ਜਾਗਰੂਕ

ਤਰਨ ਤਾਰਨ, 22 ਨਵੰਬਰ : ਕੇਂਦਰੀ ਯੋਜਨਾਵਾਂ ਲਾਭ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਹੋਰ ਸੁਧਾਰ ਕਰਨ ਲਈ ਭਾਰਤ ਸਰਕਾਰ ਵਲੋਂ "ਵਿਕਸਤ ਭਾਰਤ ਸੰਕਲਪ ਯਾਤਰਾ" ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ ਮੀਟਿੰਗ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸ਼੍ਰੀ ਵਿਕਾਸ ਨਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 15 ਨਵੰਬਰ, 2023 ਤੋਂ 26 ਜਨਵਰੀ, 2024 ਤੱਕ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੂਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਤੌਰ ਨੋਡਲ ਅਫ਼ਸਰ ਜ਼ਿਲ੍ਹਾ ਤਰਨ ਤਾਰਨ “ਵਿਕਸਤ ਭਾਰਤ ਸੰਕਲਪ ਯਾਤਰਾ-ਹਮਾਰਾ ਸੰਕਲਪ ਵਿਕਸਿਤ ਭਾਰਤ” ਮੁਹਿੰਮ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਪਿੰਡਾਂ ਵਿੱਚ ਜਾਗਰੂਕਤਾ ਵੈਨਾਂ ਨੂੰ ਭੇਜ ਕੇ ਕੈਂਪ ਲਗਾਏ ਜਾਣ, ਜਿਸ ਦੀ ਜਾਣਕਾਰੀ ਸਬੰਧਤ ਪਿੰਡਾਂ ਨੂੰ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਹੀ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਲਾਭ ਦਿੱਤੇ ਜਾਣਗੇ।ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕੇਂਦਰ ਪ੍ਰਯੋਜਿਤ ਸਕੀਮਾਂ ਸਬੰਧੀ ਜਨ ਜਾਗਰੂਕਤਾ ਲਈ ਸ਼ੁਰੂ ਕੀਤੀ ਜਾ ਰਹੀ “ਵਿਕਸਤ ਭਾਰਤ ਸੰਕਲਪ ਯਾਤਰਾ” 04 ਦਸੰਬਰ ਨੂੰ ਜਿ਼ਲ੍ਹੇ ਵਿਚ ਸ਼ੁਰੂ ਹੋਵੇਗੀ ਅਤੇ ਲੱਗਭੱਗ ਦੋ ਮਹੀਨਿਆਂ ਦੌਰਾਨ ਇਹ ਯਾਤਰਾ ਜਿ਼ਲ੍ਹੇ ਦੇ ਹਰ ਇੱਕ ਪਿੰਡ ਤੱਕ ਪੁੱਜੇਗੀ।ਇਸ ਲਈ ਜਿ਼ਲ੍ਹਾ ਪੱਧਰੀ, ਬਲਾਕ ਪੱਧਰੀ ਤੇ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿ਼ਲ੍ਹਾ ਤਰਨ ਤਾਰਨ ਵਿੱਚ ਇਸ ਯਾਤਰਾ ਤਹਿਤ 05 ਜਾਗਰੂਕਤਾ ਵੈਨਾਂ ਆਉਣਗੀਆਂ ਜੋ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਇੱਕ ਵੈਨ ਇੱਕ ਦਿਨ ਵਿੱਚ ਦੋ ਪਿੰਡ ਕਵਰ ਕਰੇਗੀ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਡਿਊਟੀ ਚਾਰਟ ਅਨੁਸਾਰ ਇਸ ਸਬੰਧੀ ਕਾਰਵਾਈ ਮੁਕੰਮਲ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਪਹੁੰਚ ਸਕੇ।