ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮੁਹੱਈਆ ਕਰਵਾਈ ਜਾ ਰਹੀ ਹੈ-ਇੰਜ: ਜਸਵਿੰਦਰ ਸਿੰਘ ਵਿਰਦੀ

Punjab Image

ਬਟਾਲਾ, 12 ਸਤੰਬਰ 2024 : ਇੰਜ: ਜਸਵਿੰਦਰ ਸਿੰਘ ਵਿਰਦੀ ਉਪ ਮੁੱਖ ਇੰਜੀਨੀਅਰ/ਸੰਚਾ: ਹਲਕਾ ਗੁਰਦਾਸਪੁਰ ਨੇ ਖਪਤਕਾਰਾਂ ਦੇ ਧਿਆਨ ਵਿੱਚ ਲਿਆਂਦਾ ਕਿ ਮਹਿਕਮਾਂ ਪਾਵਰਕਾਮ ਦੀਆਂ ਵੱਖ-ਵੱਖ ਮੁਲਾਜਿਮ ਜੱਥੇਬੰਦੀਆਂ ਵਲੋਂ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ  10 ਸਤੰਬਰ ਤੋਂ 13 ਸਤੰਬਰ ਤੱਕ ਸਮੂਹਿਕ ਛੁੱਟੀ/ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਹਨਾਂ ਵਲੋਂ ਇਸ ਹੜਤਾਲ ਨੂੰ ਅੱਗੇ ਹੋਰ ਵਧਾ ਕੇ ਮਿਤੀ 17 ਸਤੰਬਰ 2024 ਤੱਕ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਜਿਸ ਕਾਰਨ ਇਸ ਹਲਕੇ ਨਾਲ ਸਬੰਧਤ 200/132/66/33 ਕੇਵੀ ਸਬ-ਸਟੇਸ਼ਨਾਂ ਵਿਖੇ ਮੁਲਾਜਿਮਾ ਦੇ ਕਾਫੀ ਗਿਣਤੀ ਘੱਟ ਗਈ ਹੈ। ਇਸ ਦੇ ਨਾਲ ਹੀ ਇਸ ਹਲਕੇ ਅਧੀਨ ਸਮੂਹ ਮੰਡਲ/ਉਪਮੰਡਲ ਦਫਤਰਾਂ ਵਿਖੇ ਵੀ ਕਰਮਚਾਰੀਆਂ ਵਲੋਂ ਹੜਤਾਲ ਤੇ ਜਾਣ ਕਰਕੇ ਦਫ਼ਤਰਾਂ ਵਿੱਚ ਹਾਜ਼ਰ ਕਰਮਚਾਰੀਆਂ ਦੀ ਗਿਣਤੀ ਨਾ ਦੇ ਬਰਾਬਤ ਹੀ ਰਹਿ ਗਈ ਹੈ। ਪਰ ਇਸ ਦੇ ਬਾਵਜੂਦ ਵੀ ਸਮੂਹ ਵਧੀਕ ਨਿਰਗਾਨ ਇੰਜੀਨੀਅਰ/ਉਪਮੰਡਲ ਅਫ਼ਸਰਾਂ, ਡਿਊਟੀ ਤੇ ਤੈਨਾਤ ਜੇ.ਈ. ਹੋਰ ਕਰਮਚਾਰੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਬਿਜਲੀ ਦੀ ਸਪਲਾਈ ਨਿਰਵਿਘਨ ਮੁਹਈਆ ਕਰਵਾਈ ਜਾ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਨਿਰਵਿਘਨ ਮੁਹਈਆ ਕਰਵਾਈ ਜਾਵੇਗੀ।  ਉਕਤ ਹੜਤਾਲ ਨੂੰ ਮੁੱਖ ਰੱਖਦਿਆਂ ਇੰਜ: ਜਸਵਿੰਦਰ ਸਿੰਘ ਵਿਰਦੀ ਉਪ ਮੁੱਖ ਇੰਜੀਨੀਅਰ/ਸੰਚਾ: ਹਲਕਾ ਗੁਰਦਾਸਪੁਰ ਵਲੋਂ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਨਾਜੁਕ ਹਾਲਾਤਾਂ ਦੌਰਾਨ ਮਹਿਕਮਾਂ ਪਾਵਰਕਾਮ ਨਾਲ ਸਹਿਯੋਗ ਕਰਨ ।