ਭਗਤ ਪੂਰਨ ਸਿੰਘ ਦੀ ਯਾਦ ਵਿਚ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਸਾਂਭੋ : ਕੈਬਨਿਟ ਮੰਤਰੀ ਕਟਾਰੂਚੱਕ

  • ਮੁੱਖ ਮੰਤਰੀ ਪੰਜਾਬ ਦੀ ਤਰਫੋਂ ਭਗਤ ਜੀ ਨੂੰ ਸਰਧਾਂਜਲੀ ਦੇਣ ਪੁੱਜੇ ਕੈਬਨਿਟ ਮੰਤਰੀ

ਅੰਮ੍ਰਿਤਸਰ, 5 ਅਗਸਤ : ਨਿਸ਼ਕਾਮ ਸੇਵਕ ਤੇ ਵਾਤਾਵਰਣ ਪ੍ਰੇਮੀ ਭਗਤ ਪੂਰਨ ਸਿੰਘ ਨੂੰ ਉਨਾਂ ਦੀ ਬਰਸੀ ਮੌਕੇ ਸਰਧਾਂਜਲੀ ਦੇਣ ਪੁੱਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਵਾਸੀਆਂ ਨੂੰ ਭਗਤ ਪੂਰਨ ਸਿੰਘ ਹੁਰਾਂ ਦੇ ਪਦ ਚਿੰਨਾਂ ਤੇ ਚੱਲਣ ਦਾ ਸੱਦਾ ਦਿੰਦੇ ਕਿਹਾ ਕਿ ਅਜਿਹੀ ਮਹਾਨ ਰੂਹ ਜਿਸਨੇ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵੱਡਾ ਯੋਗਦਾਨ ਪਾਇਆ ਹੈ, ਨੂੰ ਸੱਚੀ ਸਰਧਾਂਜਲੀ ਇਹ ਹੋਵੇਗੀ ਕਿ ਆਪਾਂ ਉਨਾਂ ਦੀ ਯਾਦ ਵਿਚ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਇੰਨਾ ਨੂੰ ਪਾਲ ਕੇ ਵੱਡਾ ਰੁੱਖ਼ ਬਣਾਈਏ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸੀਜ਼ਨ ਦੌਰਾਨ ਸਵਾ ਕਰੋੜ ਬੂਟੇ ਜਨਤਕ ਸਥਾਨਾਂ ਉਤੇ ਲਗਾਏ ਜਾ ਰਹੇ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਇਹ ਸਾਰੇ ਬੂਟਿਆਂ ਦੀ ਸਾਂਭ-ਸੰਭਾਲ ਕਰਕੇ ਚੌਗਿਰਦੇ ਨੂੰ ਹਰਾ-ਭਰਾ ਕਰੀਏ। ਉਨਾਂ ਕਿਹਾ ਕਿ ਜਿਸ ਤਰਾਂ ਭਗਤ ਜੀ ਨੇ ਸਾਰੀ ਉਮਰ ਮਾਨਵਤਾ ਦੀ ਸੇਵਾ ਕੀਤੀ ਉਹ ਆਪਣੀ ਮਿਸਾਲ ਆਪ ਹੈ। ਸ੍ਰੀ ਕਟਾਰੂਚੱਕ ਨੇ ਭਗਤ ਪੂਰਨ ਸਿੰਘ ਦੀ ਸੇਵਾ ਨੂੰ ਨਮਨ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬੇਸਹਾਰੇ ਲੋਕਾਂ ਦੀ ਸੇਵਾ ਕਰਨ ਦਾ ਜੋ ਸੰਕਲਪ ਉਨਾਂ ਲਿਆ ਸੀ ਉਸਨੂੰ ਆਪਣੇ ਆਖਰੀ ਸਵਾਸਾਂ ਤੱਕ ਨਿਭਾਇਆ ਤੇ ਗੰਦੇ ਹੋ ਰਹੇ ਵਾਤਾਵਰਣ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਰਹੇ। ਉਨਾਂ ਨਾਜਾਇਜ਼ ਉਸਾਰੀਆਂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਨਾਜਾਇਜ਼ ਕੰਮ ਕੋਈ ਵੀ ਹੋਵੇ, ਬੰਦ ਹੋਵੇਗਾ ਅਤੇ ਕਿਸੇ ਵੀ ਤਰਾਂ ਦੀਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਵਿਸ਼ੇਸ਼ ਗਿਰਦੁਆਰੀ ਕਰਵਾਈ ਜਾ ਰਹੀ ਹੈ, ਜਿਸ ਵਿਚ ਕੇਵਲ ਫਸਲਾਂ ਨਹੀਂ, ਘਰ, ਕੋਠੇ, ਪਸ਼ੂ ਧੰਨਾ ਆਦਿ ਸਾਰੇ ਨੁਕਸਾਨਾਂ ਦਾ ਇੰਦਰਾਜ ਦਰਜ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਤੇ ਹੋਰ ਪ੍ਰਬੰਧਕਾਂ ਵੱਲੋਂ ਸ੍ਰੀ ਕਟਾਰੂਚੱਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।