ਪਠਾਨਕੋਟ ਪੁਲਿਸ ਨੇ ਪਹਿਲਾ ਨਸ਼ਾ ਮੁਕਤ ਪੁਲਿਸ ਸਟੇਸ਼ਨ ਐਲਾਨਿਆ

  • ਧਾਰ ਖੇਤਰ ਦੀਆਂ 45 ਗ੍ਰਾਮ ਪੰਚਾਇਤਾਂ ਨੇ ਕਿਹਾ ਕਿ ਸਾਡੇ ਪਿੰਡ ਨਸ਼ਾ ਮੁਕਤ ਹਨ

ਪਠਾਨਕੋਟ, 3 ਅਕਤੂਬਰ : ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦੇ ਹੋਏ, ਪਠਾਨਕੋਟ ਪੁਲਿਸ ਨੇ ਪੁਲਿਸ ਥਾਣਾ ਧਾਰ ਨੂੰ ਪੰਜਾਬ ਰਾਜ ਦਾ ਪਹਿਲਾ ਨਸ਼ਾ ਮੁਕਤ ਪੁਲਿਸ ਸਟੇਸ਼ਨ ਘੋਸ਼ਿਤ ਕੀਤਾ ਹੈ। ਇਹ ਪ੍ਰਾਪਤੀ ਪਠਾਨਕੋਟ ਪੁਲਿਸ ਦੇ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਨਾ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਪ੍ਰਮਾਣ ਹੈ। ਇਸ ਸ਼ਲਾਘਾਯੋਗ ਪ੍ਰਾਪਤੀ ਦੀ ਪੁਸ਼ਟੀ ਸਥਾਨਕ ਭਾਈਚਾਰੇ ਦੇ ਸਮਰਥਨ ਨਾਲ ਸੰਭਵ ਹੋਈ ਹੈ। ਪੁਲਿਸ ਸਟੇਸ਼ਨ ਧਾਰ ਦੇ ਅਧਿਕਾਰ ਖੇਤਰ ਵਿੱਚ 45 ਪਿੰਡਾਂ ਦੀਆਂ ਪੰਚਾਇਤਾਂ ਅੱਗੇ ਆਈਆਂ ਹਨ ਜਿਨਾ ਨੇ ਇੱਕ ਮੈਮੋਰੰਡਮ ਦੁਆਰਾ ਲਿਖਤੀ ਰੂਪ ਵਿੱਚ ਪੁਸ਼ਟੀ ਕਰਦੇ ਹੋਏ ਕਿਹਾ ਕਿ, “ਸਾਡੇ ਪਿੰਡ ਨਸ਼ਾ ਮੁਕਤ ਹਨ।” ਇਹ ਸਮੂਹਿਕ ਘੋਸ਼ਣਾ ਪੁਲਿਸ ਬਲ ਅਤੇ ਲੋਕਾਂ ਵਿਚਕਾਰ ਸਹਿਯੋਗੀ ਭਾਵਨਾ ਨੂੰ ਦਰਸਾਉਂਦੀ ਹੈ। ਪਠਾਨਕੋਟ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਇਸ ਅਹਿਮ ਮਿਸ਼ਨ ਵਿੱਚ ਸਹਿਯੋਗ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉੱਨਾਂ ਕਿਹਾ, “ਇਹ ਪ੍ਰਾਪਤੀ ਨਸ਼ਾ ਮੁਕਤ ਸਮਾਜ ਪ੍ਰਤੀ ਏਕਤਾ ਅਤੇ ਸਾਂਝੀ ਵਚਨਬੱਧਤਾ ਦੀ ਸ਼ਕਤੀ ਦੀ ਉਦਾਹਰਨ ਹੈ। ਪਠਾਨਕੋਟ ਪੁਲਿਸ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਸਾਕਾਰ ਕਰਨ ਲਈ ਭਾਈਚਾਰੇ ਦੇ ਸਹਿਯੋਗੀ ਯਤਨਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕਰਦੀ ਹੈ।” ਪਠਾਨਕੋਟ ਪੁਲਿਸ ਪੰਜਾਬ ਦੇ ਸਾਰੇ ਵਸਨੀਕਾਂ ਲਈ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਮਾਹੌਲ ਬਣਾਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ।