ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

  • ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦਾ ਪ੍ਰਣ ਚੁਕਾਇਆ

ਗੁਰਦਾਸਪੁਰ, 5 ਜੂਨ : ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਵਿਖੇ ਅੱਜ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਦੀ ਪ੍ਰਿੰਸੀਪਲ ਡਾ. ਨੀਰੂ ਸ਼ਰਮਾ, ਸਮਾਜ ਸੇਵੀ ਸ੍ਰੀ ਨਰੇਸ਼ ਮਹਾਜਨ, ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਪੌਦੇ ਲਗਾਏ ਗਏ। ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕਰਵਾਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਇਸ ਸਾਲ ਦਾ ਥੀਮ “ਬੀਟ ਪਲਾਸਟਿਕ ਪ੍ਰਦੂਸ਼ਣ” ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਪੂਰੀ ਸੁਹਿਰਦਤਾ ਨਾਲ ਆਪਣੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਤੱਕ ਸਾਨੂੰ ਪੂਰੇ ਬ੍ਰਹਿਮੰਡ ਵਿੱਚ ਧਰਤੀ ਵਰਗੀ ਗ੍ਰਹਿ ਨਹੀਂ ਮਿਲਿਆ ਜਿਸ ਉੱਪਰ ਜੀਵਨ ਹੋਵੇ। ਉਨ੍ਹਾਂ ਕਿਹਾ ਕਿ ਇਹ ਕਿਨੀ ਲਾਪਰਵਾਹੀ ਵਾਲੀ ਗੱਲ ਹੈ ਕਿ ਮਨੁੱਖ ਸਭ ਕੁਝ ਜਾਣਦੇ ਹੋਏ ਵੀ ਆਪਣਾ ਵਿਨਾਸ਼ ਆਪ ਕਰ ਰਿਹਾ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਸੱਦਾ ਦਿੱਤਾ ਕਿ ਆਓ ਅਸੀਂ ਮਿਲ ਕੇ ਆਪਣੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਈਏ। ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਕਿਹਾ ਕਿ ਇਸ ਸਾਲ ਬੀਟ ਪਲਾਸਟਿਕ ਪ੍ਰਦੂਸ਼ਣ ਦੀ ਥੀਮ ਹੈ ਅਤੇ ਹਰੇਕ ਵਿਦਿਆਰਥੀ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਛੱਡਣੀ ਚਾਹੀਦੀ ਹੈ ਅਤੇ ਬਜ਼ਾਰ ਖਰੀਦਦਾਰੀ ਲਈ ਜਾਂਦੇ ਸਮੇਂ ਕੱਪੜੇ ਦੇ ਬਣੇ ਬੈਗ ਲੈ ਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਥੈਲੇ ਡਿਸਪੋਜ਼ੇਬਲ ਨਹੀਂ ਹੁੰਦੇ ਅਤੇ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਮਾਜ ਸੇਵੀ ਸ੍ਰੀ ਰੋਮੇਸ਼ ਮਹਾਜਨ, ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ, ਗੁਰਦਾਸਪੁਰ ਨੇ ਵਿਦਿਆਰਥਣਾਂ ਨੂੰ ਵਾਤਾਵਰਨ ਦਿਵਸ ਦੀ ਅਹਿਮੀਅਤ ਦੱਸਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕੌਂਸਲਰ ਸ਼੍ਰੀਮਤੀ ਕੋਮਲਪ੍ਰੀਤ ਕੌਰ ਅਤੇ ਸ਼੍ਰੀਮਤੀ ਆਭਾ ਸ਼ਰਮਾ ਨੇ ਵੀ ਇਸ ਵਾਤਾਵਰਣ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲੈਕਚਰਾਰ ਮੈਡਮ ਸਮਿਤਾ ਖਜੂਰੀਆ ਅਤੇ ਮੈਡਮ ਸੁਖਵਿੰਦਰ ਕੌਰ ਦੀ ਦੇਖ-ਰੇਖ ਹੇਠ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਮੁਹਿੰਮ ਅਤੇ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਪ੍ਰਭਾਵਸ਼ਾਲੀ ਪੋਸਟਰ ਰਿਲੀਜ਼, ਸਹੁੰ ਚੁੱਕ ਸਮਾਗਮ ਅਤੇ ਸਰਟੀਫਿਕੇਟਾਂ ਦੀ ਵੰਡ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ।  ਇਸ ਮੌਕੇ ਵੱਖ-ਵੱਖ ਕਿਸਮਾਂ ਦੇ 100 ਤੋਂ ਵੱਧ ਪੌਦੇ ਆਪਣੇ ਘਰਾਂ ਵਿੱਚ ਲਗਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਤੋਂ ਇਲਾਵਾ ਕਾਲਜ ਦੇ ਵਿਹੜੇ ਵਿੱਚ 25 ਵਾਟਰ ਬੁਰਸ਼ ਪੌਦੇ ਵੀ ਲਗਾਏ ਗਏ।