ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਕੀਤੀ ਝੋਨੇ ਦੀ ਪਨੀਰੀ ਵਿੱਚ ਲੋਹੇ ਦੀ ਘਾਟ ਦੀ ਪੂਰਤੀ ਲਈ ਕੇਵਲ ਛਿੜਕਾਅ ਕੀਤਾ ਜਾਵੇ : ਡਾ. ਅਮਰੀਕ ਸਿੰਘ

  • ਝੋਨੇ ਦੀ ਲਵਾਈ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ 16 ਜੂਨ ਦੇ ਸਮੇਂ ਤੋਂ ਪਹਿਲਾਂ ਨਾ ਕਰਨ ਦੀ ਅਪੀਲ

ਗੁਰਦਾਸਪੁਰ, 10 ਜੂਨ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਲਈ ਝੋਨੇ ਦੀ ਲਵਾਈ ਦਾ ਸਮਾਂ 16 ਜੂਨ ਨਿਰਧਾਰਿਤ ਕੀਤਾ ਗਿਆ ਹੈ, ਇਸ ਨਿਰਧਾਰਿਤ ਸਮੇਂ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਵਿਰੁੱਧ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ-2009 ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਝੋਨੇ ਦੀ ਪਨੀਰੀ ਦੀ ਲਵਾਈ ਅਤੇ ਸੰਭਾਲ ਬਾਰੇ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਨੀਰੀ ਦੀ ਉਮਰ ਇਸ ਵਕਤ ਤਕਰੀਬਨ 20 ਤੋਂ 25 ਦਿਨ ਦੀ ਹੋ ਗਈ ਹੈ ਅਤੇ 16 ਜੂਨ ਤੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ। ਉਨਾਂ ਕਿਹਾ ਕਿ ਝੋਨੇ ਦੇ ਮਧਰੇਪਣ ਦੀ ਸਮੱਸਿਆ ਤੋਂ ਬਚਣ ਲਈ ਝੋਨੇ ਦੀ ਲਵਾਈ ਵਿੱਚ ਕਾਹਲ ਨਾ ਕੀਤੀ ਜਾਵੇ ਅਤੇ ਨਿਰਧਰਿਤ 16 ਜੂਨ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇ। ਉਨਾਂ ਦੱਸਿਆ ਕਿ ਕੁਝ ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਪਨੀਰੀ ਵਿੱਚ ਲੋਹੇ ਦੀ ਘਾਟ ਆ ਰਹੀ ਹੈ, ਜਿਸ ਕਾਰਨ ਪਨੀਰੀ ਧੌੜੀਆਂ ਵਿੱਚ ਪੀਲੀ ਹੋ ਕੇ ਸੁੱਕ ਰਹੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਫਸਲ ਲਈ ਲੋਹਾ ਖੁਰਾਕੀ ਤੱਤ ਦੀ ਬਹੁਤ ਮਹੱਤਤਾ ਹੈ ਅਤੇ ਘਾਟ ਆਉਣ ਦੀ ਸੂਰਤ ਵਿੱਚ ਸਮੇਂ ਸਿਰ ਇਸ ਖੁਰਾਕੀ ਤੱਤ ਦੀ ਪੂਰਤੀ ਕਰਨੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਇਹ ਖੁਰਾਕੀ ਤੱਤ ਬੂਟਿਆਂ ਵਿੱਚ ਕਲੋਰੋਫਿਲ ਅਤੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰੀਕ੍ਰਿਆ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ। ਉਨਾਂ ਦੱਸਿਆ ਕਿ ਇਸ ਖੁਰਾਕੀ ਦੀ ਘਾਟ ਨਾਲ ਪਨੀਰੀ ਦਾ ਵਾਧਾ ਰੁਕ ਜਾਂਦਾ ਹੈ ਅਤੇ ਪਨੀਰੀ ਦੇ ਬੂਟੇ ਦੇ ਨਵੇਂ ਪੱਤੇ ਨੋਕਾਂ ਅਤੇ ਅਤੇ ਬਾਹਰੋਂ ਪੀਲੇ ਹੋ ਕੇ ਚਿੱਟੇ ਹੋ ਜਾਂਦੇ ਹਨ ਅਤੇ ਜ਼ਿਆਦਾ ਕਮੀ ਦੀ ਹਾਲਤ ਵਿੱਚ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ।  ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗਿਆਨ ਦੀ ਘਾਟ ਕਾਰਨ ਕਿਸਾਨਾਂ ਦੁਆਰਾ ਦੁਕਾਨਦਾਰਾਂ ਦੇ ਕਹੇ `ਤੇ ਯੂਰੀਆ, ਸਲਫਰ, ਜਿੰਕ, ਦਾਣੇਦਾਰ ਕੀਟਨਾਸ਼ਕ, ਡਾਇਆ ਜਾਂ ਉੱਲੀਨਾਸਕ ਦਵਾਈਆਂ ਆਦਿ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸ ਦਾ ਕੋਈ ਫਾਇਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਲੋਹੇ ਦੀ ਘਾਟ ਦੀ ਪੂਰਤੀ, ਕੇਵਲ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਹਫਤੇ-ਹਫਤੇ ਦੇ ਵਕਫ਼ੇ `ਤੇ ਦੋ ਛਿੜਕਾਅ ਕਰਕੇ ਹੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਛਿੜਕਾਅ ਲਈ ਕੱਟ ਵਾਲੀ ਨੋਜ਼ਲ ਦੀ ਬਿਜਾਏ ਗੋਲ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਦੁਆਰਾ ਆਮ ਕਰਕੇ ਲੋਹਾ ਖੁਰਾਕੀ ਤੱਤ ਦੀ ਘਾਟ ਦੀ ਪੂਰਤੀ ਲਈ ਫੈਰਿਸ ਸਲਫੇਟ ਪਨੀਰੀ ਵਿੱਚ ਛੱਟੇ ਪਾ ਦਿੱਤੀ ਜਾਂਦੀ ਹੈ ਜਿਸ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ।