“ਬਿੱਲ ਲਿਆਓ, ਇਨਾਮ ਪਾਓ” ਸਕੀਮ ਦੇ ਤਹਿਤ “ਮੇਰਾ ਬਿੱਲ” ਐਪ ਦੀ ਰਸ਼ਮੀ ਸ਼ੁਰੂਆਤ

  • ਖਪਤਕਾਰ ਕੋਈ ਵੀ ਸਮਾਨ ਖ਼ਰੀਦਣ ਮੌਕੇ ਦੁਕਾਨਦਾਰਾਂ ਪਾਸੋਂ ਬਿੱਲ ਜ਼ਰੂਰ ਹਾਸਲ ਕਰਨ-ਡਿਪਟੀ ਕਮਿਸ਼ਨਰ

ਤਰਨ ਤਾਰਨ, 01 ਸਤੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਤੇ ਆਬਕਾਰੀ ਤੇ ਕਰ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿੱਚ ਵਿਭਾਗ ਨੇ ਟੈਕਸ ਉਗਰਾਹੀ ਵਧਾਉਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਤਿਆਰ ਕੀਤੀ ਹੈ । ਐਪ ਲਾਂਚ ਕਰਨ ਦਾ ਮਕਸਦ ਆਮ ਵਿਅਕਤੀ ਨੂੰ ਖ਼ਰੀਦ ਕਰਨ ਮੌਕੇ ਦੁਕਾਨਦਾਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਿਤ ਕਰਕੇ ਸਰਕਾਰੀ ਮਾਲੀਏ ਦੀ ਉਗਰਾਹੀ ਵਧਾਉਣਾ ਵੀ ਹੈ। ਪੰਜਾਬ ਸਰਕਾਰ ਵੱਲੋਂ ਵਪਾਰੀਆਂ ਅਤੇ ਖਪਤਕਾਰਾਂ ਨੂੰ ‘ਮੇਰਾ ਬਿੱਲ’ ਐਪ ਬਾਰੇ ਜਾਗਰੂਕ ਅਤੇ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ਼੍ਹੇ ਵਿੱਚ ਐਪ ਦੀ ਰਸਮੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਐਪ ਹਰ ਇਕ ਦੇ ਫੋਨ ਵਿੱਚ ਹੋਵੇ ਅਤੇ ਜਦੋਂ ਵੀ ਕੋਈ ਖਰੀਦਕਾਰੀ ਕਰੋ ਤਾਂ ਪੱਕਾ ਬਿੱਲ ਲੈ ਕੇ ਇਸ ਐਪ ‘ਤੇ ਅਪਲੋਡ ਕਰਕੇ ਜਿੰਮੇਵਾਰੀ ਨਾਗਰਿਕ ਬਣਨ ਦੇ ਨਾਲ ਨਾਲ ਇਨਾਮ ਜਿੱਤਣ ਦਾ ਮੌਕਾ ਵੀ ਪਾਓ।ਉਨ੍ਹਾਂ ਦੱਸਿਆ ਕਿ ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਕਰ ਯੋਗ ਰਕਮ ਦੇ ਪੰਜ ਗੁਣਾਂ ਦੇ ਬਰਾਬਰ ਹੋਵੇਗਾ, ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਹਨਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿੱਚ ਹਰ ਮਹੀਨੇ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣੇ ਹਨ ਅਤੇ ਯੋਗ ਬਿੱਲ ਦੀ ਰਕਮ ਘੱਟ ਤੋਂ ਘੱਟ 200 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉੱਤੇ ਪਾਈ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ।ਹਰੇਕ ਮਹੀਨੇ ਸੂਬੇ ਵਿੱਚ 290 ਲੱਕੀ ਡਰਾਅ ਮਹੀਨੇ ਦੀ 07 ਤਰੀਕ ਨੂੰ ਕੱਢੇ ਜਾਣਗੇ । ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਮੇਰਾ ਬਿੱਲ’ ਐਪ ਐਂਡਰਾਇਡ ਫ਼ੋਨ ਲਈ ਗੂਗਲ ਪਲੇਅ ਸਟੋਰ ਅਤੇ ਐਪਲ ਲਈ ਐਪ ਸਟੋਰ ਤੋਂ ਡਾਊਨਲੋਡ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨਸ ਟੂ ਬਿਜ਼ਨਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਇਸ ਸਕੀਮ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ।