11 ਨਵੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਲਈ 14 ਮੰਡੀਆਂ ਹੋਣਗੀਆਂ ਬੰਦ

ਅੰਮ੍ਰਿਤਸਰ 10 ਨਵੰਬਰ : ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਊਣੀ ਸੀਜਨ 2023 ਦੌਰਾਨ ਝੋਨੇ ਦੀ ਖਰੀਦ/ਵੇਚ ਅਤੇ ਪ੍ਰੋਸੈਸਿੰਗ ਲਈ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਅਧਿਕਾਰ ਖੇਤਰ ਅਧੀਨ ਮੁੱਖ ਯਾਰਡਾਂ, ਸਬ ਯਾਰਡਾਂ , ਖਰੀਦ ਕੇਂਦਰਾਂ ਅਤੇ ਹੋਰ ਜਗ੍ਹਾ ਨੂੰ ਮੰਡੀ ਘੋਸ਼ਿਤ ਕੀਤਾ ਗਿਆ ਸੀ। ਪਰ ਹੁਣ ਝੋਨੇ ਦੀ ਖਰੀਦ ਕਾਫ਼ੀ ਹੱਦ ਤੱਕ ਮੁਕੰਮਲ ਹੋਣ ਕਾਰਨ ਜਿਲ੍ਹੇ ਦੀਆਂ 14 ਮੰਡੀਆਂ ਨੂੰ ਕੱਲ 11 ਨਵੰਬਰ 2023 ਨੂੰ ਸ਼ਾਮ 5 ਵਜੇ ਤੱਕ ਸਰਕਾਰੀ ਖਰੀਦ ਲਈ ਬੰਦ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਿਲ੍ਹੇ ਦੀਆਂ 14 ਆਰਜੀ ਮੰਡੀਆਂ ਜਿਨ੍ਹਾਂ ਵਿੱਚ ਅਜਨਾਲਾ ਦੇ ਪਿੰਡ ਆਵਾਨ ਦੀ ਦਾਣਾ ਮਾਰਕੀਟ, ਚੱਕ ਸਕੰਦਰ ਦਾਣਾ ਮਾਰਕੀਟ, ਸੁਧਾਰ ਦਾਣਾ ਮਾਰਕੀਟ, ਸਬ ਡਵੀਜਨ ਅੰਮ੍ਰਿਤਸਰ ਦੀ ਗਿੱਲ ਦਾਣਾ ਮਾਰਕੀਟ, ਅਟਾਰੀ ਦੀ ਬੱਚੀਵਿੰਡ ਦਾਣਾ ਮਾਰਕੀਟ, ਚੋਗਾਵਾਂ ਦੀ ਜਸਰੌਰ ਦਾਣਾ ਮਾਰਕੀਟ, ਰਾਜਾਸਾਂਸੀ ਦਾਣਾ ਮਾਰਕੀਟ, ਗਹਿਰੀ ਦੀ ਟਾਂਗਰਾ ਅਤੇ ਤਰਸਿੱਕਾ ਦਾਣਾ ਮਾਰਕੀਟ, ਮਜੀਠੇ ਦੀ ਪਾਖਰੁਪਰਾ, ਮਹਿਤੇ ਦੀ ਭੀਲੋਵਾਲ ਤੇ ਜਲਾਲ ਉਸਮਾਂ, ਰਈਆ ਦੀ ਖਿਲਚੀਆਂ ਅਤੇ ਸਠਿਆਲਾ ਦਾਣਾ ਮਾਰਕੀਟ ਕੱਲ ਸ਼ਾਮ 5 ਵਜੇ ਝੋਨੇ ਦੀ ਸਾਲ 2023 ਦੌਰਾਨ ਸਰਕਾਰੀ ਖਰੀਦ/ਵੇਚ ਦਾ ਕਾਰੋਬਾਰ ਕਰਨ ਲਈ ਬੰਦ ਹੋ ਜਾਣਗੀਆਂ।  ਦੱਸਣਯੋਗ ਹੈ ਕਿ ਜਿਲੇ ਦੀਆਂ 33 ਹੀ ਅਜਿਹੀਆਂ ਹੋਰ ਮੰਡੀਆਂ ਜਿੱਥੇ ਝੋਨਾ ਨਹੀਂ ਸੀ ਆ ਰਿਹਾ ਉਹ ਅੱਜ ਸ਼ਾਮ ਤੋਂ ਝੋਨੇ ਦੀ ਸਰਕਾਰੀ ਖਰੀਦ ਲਈ ਬੰਦ ਕਰ ਦਿੱਤੀਆਂ ਗਈਆਂ ਹਨ।