ਖੇਤੀਬਾੜੀ ਵਿਭਾਗ ਵਲੋਂ ਪਿੰਡ ਬੱਜੂਮਾਨ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਨੁੱਕੜ ਮੀਟਿੰਗ

  • ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਬਗੈਰ ਕਣਕ ਦੀ ਬਿਜਾਈ ਕੀਤੀ ਜਾਵੇ : ਜ਼ਿਲ੍ਹਾ ਸਿਖਲਾਈ ਅਫ਼ਸਰ

ਬਟਾਲਾ, 11 ਅਕਤੂਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ  ਦੀ ਅਗਵਾਈ ਹੇਠ  ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਚਲਾਈ ਜਾ  ਮੁਹਿੰਮ ਤਹਿਤ  ਖੇਤੀਬਾੜੀ ਅਤੇ ਹੋਰ ਸਬੰਧਤ  ਵਿਭਾਗਾਂ ਦੇ ਅਧਿਕਾਰੀ ਕਰਮਚਾਰੀਆਂ ਵਲੋਂ ਲਗਾਤਾਰ ਪਿੰਡਾਂ ਵਿਚ ਕਿਸਾਨਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ, ਇਸ ਮੁਹਿੰਮ ਤਹਿਤ ਬਲਾਕ ਬਟਾਲਾ ਦੇ ਪਿੰਡ ਬੱਜੂਮਾਨ ਵਿੱਚ ਨੁੱਕੜ ਮੀਟਿੰਗ ਕੀਤੀ ਗਈ, ਜਿਸ ਵਿਚ ਪਿੰਡ ਦੇ ਕਈ ਅਗਾਂਹਵਧੂ ਕਿਸਾਨ ਸ਼ਾਮਿਲ ਹੋਏ । ਖੇਤੀਬਾੜੀ ਵਿਸਥਾਰ ਅਫਸਰ ਧਰਮਿੰਦਰ ਕੁਮਾਰ ਦੇ ਪ੍ਰਬੰਧਾਂ ਹੇਠ ਕੀਤੀ ਮੀਟਿੰਗ ਵਿੱਚ ਡਾ. ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਕਮ ਨੋਡਲ ਅਫ਼ਸਰ ( ਸਟੱਬਲ ਬਰਨਿੰਗ ) ਤਹਿਸੀਲ ਬਟਾਲਾ ਅਤੇ ਡੇਰਾ ਬਾਬਾ ਨਾਨਕ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਇੰਜੀ.ਸੁਖਮਨੀ ਸਿੰਘ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ,ਬਲਕਾਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਪਿਛਲੇ ਸਾਲ ਪਰਾਲੀ ਨੂੰ ਅੱਗ ਲੱਗਣ ਦੇ 7 ਵਾਕਿਆ ਦਰਜ਼ ਕੀਤੇ ਗਏ ਸਨ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਇਹ ਪਿੰਡ ਹੌਟ ਸਪੌਟ ਐਲਾਨ ਕੀਤਾ ਗਿਆ ਹੈ। ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲਾ ਪੱਧਰ ਤੇ ਕੰਟਰੋਲ ਨੰਬਰ ਸਥਾਪਤ ਕੀਤਾ ਗਿਆ ਹੈ  ਤਾਂ ਜੋ ਜੇਕਰ ਕਿਸੇ ਵੀ  ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਜਾਂ ਕਿਤੇ  ਪਰਾਲੀ ਨੂੰ ਅੱਗ ਲੱਗਦੀ ਦਿਖਾਈ ਦਿੰਦੀ ਹੈ ਤਾਂ 24 ਘੰਟੇ ਕਿਸੇ ਸਮੇਂ ਟੋਲ ਫਰੀ ਨੰਬਰ 1800-180-1852 ਤੇ ਸੰਪਰਕ ਕਰ ਸਕਦਾ ਹੈ।ਉਨਾਂ ਦੱਸਿਆ ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸੇ ਕਿਸਮ ਦੀ ਖੇਤੀ ਮਸ਼ੀਨਰੀ ਜਿਵੇਂ ਬੇਲਰ,ਸੁਰ ਸੀਡਰ,ਹੈਪੀ ਸੀਡਰ ਆਦਿ ਦੀ ਜ਼ਰੂਰਤ ਹੋਵੇ ਤਾਂ ਵੀ ਇਸ ਨੰਬਰ ਤੇ ਜਾਂ ਖੇਤੀ ਅਧਿਕਾਰੀਆਂ ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਿਜਾਏ, ਖੇਤਾਂ ਵਿੱਚ ਮਿਲਾ ਕੇ ਜਾਂ ਬਾਹਰ ਕੱਢ ਕੇ ਸਾਂਭ ਲੈਣਾ ਚਾਹੀਦਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪਸਾਰ/ਪ੍ਰਚਾਰ ਦੇ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉੁਣ ਲਈ ਪ੍ਰੇਰਿਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਕਿਸਾਨ ਜਥੇਬੰਦੀਆ ਦੇ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਸ਼ਾਮਿਲ ਹੋ ਕੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ।ਉਨਾਂ ਕਿਹਾ ਕਿ ਗੰਨਾ,ਮਟਰਾਂ ਅਤੇ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਬੇਲਰ ਦੀ ਵਰਤੋਂ ਕਰਕੇ ਪਰਾਲੀ ਨੂੰ ਬਾਹਰ ਕੱਢ ਕੇ ਮਟਰ, ਆਲੂਆਂ ਦੀ ਬਿਜਾਈ ਕਰ ਸਕਦੇ ਹਨ। ਐਸ ਡੀ ਓ ਸੁਖਮਨੀ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਹੌਟ ਸਪੋਟ ਪਿੰਡ ਪ੍ਰਦੂਸ਼ਣ ਮੁਕਤ ਹੋਣ ਤੇ ਸੰਬੰਧਤ  ਪਿੰਡਾਂ ਨੂੰ ਇਕ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ ਅਤੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਵਾਤਾਵਰਣ ਦੇ ਰੱਖਵਾਲੇ ਦੇ ਤੌਰ ਤੇ ਸਨਮਾਨਿਤ ਕਰਦਿਆਂ ਵਿਸ਼ੇਸ਼ ਸਰਟੀਫੀਕੇਟ ਦਿੱਤੇ ਜਾਣਗੇ ,ਜਿੰਨਾਂ ਨੂੰ ਕਿਸੇ ਵੀ ਦਫਤਰ ਵਿੱਚ ਦਿਖਾ ਕੇ ਪਹਿਲ ਦੇ ਅਧਾਰ ਤੇ ਕੰਮ ਕਰਵਾ ਸਕਣਗੇ। ਖੇਤੀਬਾੜੀ ਵਿਸਥਾਰ ਅਫਸਰ ਧਰਮਿੰਦਰ ਕੁਮਾਰ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਫਸਲੀ ਰਹਿੰਦ ਖੂੰਹਦ ਦੀ ਅੱਗ ਨੂੰ ਰੋਕਣ ਲਈ ਧਾਰਾ 144 ਤਹਿਤ ਪਾਬੰਦੀ ਲਗਾਈ ਗਈ ਹੈ ਅਤੇ ਜੋ ਵੀ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਕੇ ਫਸਲੀ ਰਹਿੰਦ ਖੂੰਹਦ ਨੂ ਅੱਗ ਲਗਾਏਗਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਕਿਸਾਨਾਂ ਨੇ ਪਿਛਲੇ ਸਾਲ ਪਿੰਡ ਬੱਜੂਮਾਨ ਵਿੱਚ ਕੋਈ ਬੇਲਰ ਨਾਂ ਹੋਣ ਕਾਰਨ ਮਜ਼ਬੂਰੀ ਵੱਸ ਕੁਝ ਸਬਜ਼ੀ ਕਾਸਤਕਾਰਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਪਰ ਇਸ ਵਾਰ ਖੇਤੀਬਾੜੀ ਅਧਿਕਾਰੀਆ ਵੱਲੋਂ ਬੇਲਰਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਕਰਦਿਆਂ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਮਟਰ ਅਤੇ ਆਲੂਆਂ ਦੀ ਬਿਜਾਈ ਕਰ ਦਿੱਤੀ ਗਈ ਹੈ ਅਤੇ ਉਨਾਂ ਭਰੋਸਾ ਦਿੱਤਾ ਕਿ ਪਿੰਡ ਬੱਜੂਮਾਨ ਨੂੰ ਪੂਰੀ ਤਰਾਂ ਧੂੰਆਂ ਮੁਕਤ ਕੀਤਾ ਜਾਵੇਗਾ ਅਤੇ ਇੱਕ ਲੱਖ ਦਾ ਇਨਾਮ ਪ੍ਰਾਪਤ ਕੀਤਾ ਜਾਵੇਗਾ।