ਕਿਸੇ ਨੂੰ ਵੀ ਰਾਜਪਾਲ ਬਾਰੇ ਬੁਰਾ ਬੋਲਣ ਦਾ ਅਧਿਕਾਰ ਨਹੀਂ, ਆਪਸ ਵਿੱਚ ਬੈਠ ਕੇ ਮਸਲਾ ਸੁਲਝਾਓ : ਡਾ. ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ, 13 ਅਗਸਤ : ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਚੱਲ ਰਹੇ ਵਿਵਾਦ 'ਤੇ ਡਾ. ਨਵਜੋਤ ਕੌਰ ਸਿੱਧੂ ਨੇ ਪ੍ਰਤੀਕਿਰਿਆ ਦਿੱਤੀ। ਸੀਐਮ ਮਾਨ ਨੂੰ ਰਾਜਪਾਲ ਦਾ ਸਤਿਕਾਰ ਕਰਨ ਦੀ ਹਦਾਇਤ ਕਰਦਿਆਂ ਨਵਜੋਤ ਕੌਰ ਨੇ ਕਿਹਾ ਕਿ ਕੁਰਸੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਰਾਜਪਾਲ ਬਾਰੇ ਬੁਰਾ ਬੋਲਣ ਦਾ ਅਧਿਕਾਰ ਨਹੀਂ ਹੈ। ਆਪਸ ਵਿੱਚ ਬੈਠ ਕੇ ਮਸਲਾ ਸੁਲਝਾਓ, ਕਿਤੇ ਜਾ ਕੇ ਇਨ੍ਹਾਂ ਖ਼ਿਲਾਫ਼ ਬੋਲਣਾ ਠੀਕ ਨਹੀਂ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਰਾਜਨੀਤੀ ਦਾ ਪੱਧਰ ਇੰਨਾ ਡਿੱਗ ਜਾਵੇਗਾ ਕਿ ਬੱਚੇ ਰਾਜਨੀਤੀ ਨੂੰ ਨਫਰਤ ਕਰਨ ਲੱਗ ਜਾਣਗੇ। ਇੰਨਾ ਹੀ ਨਹੀਂ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਚੰਗਾ ਸਿਆਸਤਦਾਨ ਨਹੀਂ ਮਿਲੇਗਾ। ਇਸ ਦੌਰਾਨ ਉਨ੍ਹਾਂ ਜਲੰਧਰ 'ਚ ਖੋਲ੍ਹੇ ਗਏ 'ਔਰਤ ਪੱਖੀ' ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ। ਸੀਐਮ ਭਗਵੰਤ ਮਾਨ ਨੂੰ ਸ਼ਰਾਬ ਦਾ ਹਮਾਇਤੀ ਦੱਸਦਿਆਂ ਨਵਜੋਤ ਕੌਰ ਨੇ ਕਿਹਾ ਕਿ ਉਹ ਸੋਚਦੇ ਸਨ ਕਿ ਮੈਂ ਵੀ ਬਹੁਤ ਪੀਂਦਾ ਹਾਂ, ਔਰਤਾਂ ਨੂੰ ਵੀ ਖੁੱਲ੍ਹ ਕੇ ਪੀਣ ਦਿਓ। ਨਵਜੋਤ ਨੇ ਕਿਹਾ ਕਿ ਔਰਤਾਂ ਦੇ ਨਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹਣਾ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਡਾਕਟਰ ਨਵਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਆਪ ਦੇ 75 ਫੀਸਦੀ ਵਿਧਾਇਕਾਂ ਨੂੰ ਨਹੀਂ ਪਤਾ ਕਿ ਕੀ ਕੰਮ ਕਰਨਾ ਹੈ। ਕੰਮ ਕਿੰਝ ਕਰਵਾਉਣਾ ਹੈ, ਬਸ ਉਹ ਪੈਸੇ ਦਬਾ ਕੇ ਲੁੱਟ ਰਹੀ ਹੈ। ਉਹ ਕੰਮ ਰੋਕਦੀ ਹੈ, ਫਿਰ ਪੈਸੇ ਲੈ ਕੇ ਕੰਮ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜੀਵਨਜੋਤ ਕੌਰ ਰਿਹਾਇਸ਼ੀ ਖੇਤਰ ਵਿੱਚ ਹੋਟਲ ਬਣਵਾ ਰਹੇ ਹਨ। ਉਸ ਨੂੰ ਇਹ ਵੀ ਨਹੀਂ ਪਤਾ ਕਿ ਵਿਧਾਇਕ ਬਣ ਕੇ ਕਿਹੜਾ ਕੰਮ ਕਰਨਾ ਹੈ।