ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਖਡੂਰ ਸਾਹਿਬ ਵਿਖੇ ਮਨਾਇਆ ਗਿਆ 

  • ਨਾਗੋਕੇ ਵਿਖੇ 253ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾ ਕੇ ਸ਼ੁਰੂਆਤ ਕੀਤੀ

ਖਡੂਰ ਸਾਹਿਬ, 06 ਜੂਨ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਿਪਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ. ਹਰਪਾਲ ਸਿੰਘ ਪੰਨੂ (ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸਮਾਗਮ ਦੀ ਸ਼ੁਰੂਆਤ ਸੰਸਥਾਂ ਵੱਲੋਂ ਚਲਾਈ ਗਈ ਜੰਗਲ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਨਾਗੋਕ ਵਿਖੇ 253ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾ ਕੇ ਕੀਤੀ ਗਈ। ਉਪਰੰਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ – ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਗੰਦੇ ਪਾਣੀ ਨੂੰ ਮੁੜ ਵਰਤੋਂਯੋਗ ਬਨਾਉਣਾ, ਵਿਸ਼ਿਆ ਉਪਰ ਵਿਚਾਰ ਚਰਚਾ ਕੀਤੀ ਗਈ । ਸ. ਜਸਵਿੰਦਰਪਾਲ ਸਿੰਘ, ਡਾਇਰੈਕਟਰ ਵਾਤਾਵਰਣ ਵਿਭਾਗ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਸ. ਜਗਰੂਪ ਸਿੰਘ ਨੇ ਸੰਸਥਾ ਵਲੋਂ ਚਲਾਏ ਜਾ ਰਹੇ ਵਾਤਾਵਰਣ ਸੰਭਾਲ ਪ੍ਰੋਜੈਕਟ ਦੇ ਕਾਰਜ਼ਾ ਬਾਰੇ ਜਾਣਕਾਰੀ ਦਿੱਤੀ। ਰਾਊਂਡ ਗਲਾਸ ਫਾਉਡੇਸ਼ਨ ਦੇ ਵਿਦਵਾਨ ਡਾ. ਰਜਨੀਸ਼ ਕੁਮਾਰ ਅਤੇ ਟੀਮ ਮੈਂਬਰ ਭਰਪੂਰ ਸਿੰਘ ਅਤੇ ਤਵਪ੍ਰੀਤ ਸਿੰਘ ਨੇ ਕੂੜਾ ਕਰਕਟ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਗਿੱਲਾ ਕੂੜਾ, ਸੁੱਕਾ ਕੂੜਾ ਆਦਿ ਅਤੇ ਉਹਨਾਂ ਦੇ ਪ੍ਰੰਬਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪੇਸ਼ਕਾਰੀ ਰਾਹੀਂ ਕੂੜਾ ਪ੍ਰਬੰਧਨ ਦੇ ਸੁਚੱਜੇ ਢੰਗ ਤਰੀਕਿਆਂ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ। ਇਸ ਸੰਸਥਾ ਵੱਲੋਂ ਜਾਗਰੂਕਤਾ ਲਈ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਮਾਸਟਰ ਬਲਦੇਵ ਸਿੰਘ, ਸਰਪੰਚ ਪਿੰਡ ਕੱਲ੍ਹਾ ਨੇ ਆਪਣੇ ਪਿੰਡ ਵਿੱਚ ਚੱਲ ਰਹੇ ਵਾਤਾਵਰਂਣ ਨੂੰ ਬਚਾਉ ਅਤੇ ਸਫਾਈ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਨੇ ਪਿੰਡ ਪੱਧਰ ‘ਤੇ ਵਾਤਾਵਰਣ ਕਾਰਜ ਕਰਨ ਵਾਸਤੇ ਪੰਚਾਇਤਾਂ ਨੂੰ ਦਰਪੇਸ਼ ਚਣੌਤੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ। ਸੈਮੀਨਰ ਦੇ ਮੁੱਖ ਮਹਿਮਾਨ ਸ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਵਲੋਂ ਸਿੱਧੀ ਬਜਾਈ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਪਾਣੀ ਦੀ ਬਹੁਤ ਬੱਚਤ ਕੀਤੀ ਜਾ ਸਕਦੀ ਹੈ। ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਨਾਲ ਹੀ ਉਹਨਾਂ ਨੇ  ਕਾਰ ਸੇਵਾ ਖਡੂਰ ਸਾਹਿਬ ਵਲੋਂ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਕੀਤਾ ਜਾ ਰਹੇ ਅਹਿਮ ਉਪਰਾਲਿਆਂ ਦੀ ਸਲਾਂਘਾ ਵੀ ਕੀਤੀ। ਅੰਤ ਵਿੱਚ ਬਾਬਾ ਸੇਵਾ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਵਲੋਂ ਬਣਾਏ ਗਏ ਖੱਦਰ ਦੇ ਝੋਲੇ ਅਤੇ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ. ਹਰਜੀਤ ਸਿੰਘ ਬੀ.ਡੀ.ਪੀ.ਓ, ਖਡੂਰ ਸਾਹਿਬ, ਮਲਵਿੰਦਰ ਸਿੰਘ ਢਿੱਲੋਂ ਖੇਤੀਬਾੜੀ ਅਫਸਰ ਖਡੂਰ ਸਾਹਿਬ, ਯਾਦਵਿੰਦਰ ਸਿੰਘ ਬਲਾਕ ਤਕਨੋਲੋਜੀ ਮੈਨੇਜਰ ਖ਼ਡੂਰ ਸਾਹਿਬ, ਇੰਦਰਪਾਲ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਚੋਹਲਾ ਸਾਹਿਬ,ਸ. ਹਰਨੰਦਨ ਸਿੰਘ ਸਕੱਤਰ, ਭਾਈ ਵਰਿਆਮ ਸਿੰਘ, ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਸ. ਬਲਦੇਵ ਸਿੰਘ, ਡਾਇਰੈਕਟਰ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਅਤੇ ਵੱਖ-ਵੱਖ ਨਗਰਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ। ਇੱਥੇ ਇਹ ਜਿਕਰਯੋਗ ਹੈ ਕਿ ਵਾਤਾਵਰਣ ਦਿਵਸ ਨੂੰ ਸਮਰਿਪਤ ਸੰਸਥਾ ਵੱਲੋਂ  ਕਲਮਬੋਲੀ,ਨਵੀਂ ਮੁੰਬਈ, ਮਹਾਂਰਾਸ਼ਟਰ ਵਿਖੇ ਸੜਕ ਦੇ ਕਿਨਾਰਿਆਂ ਤੇ 7000 ਰੁੱਖ ਲਗਾਏ ਗਏ। ਇਸੇ ਤਰ੍ਹਾਂ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੰਸਥਾ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਵੀ ਗਤੀਵਿਧੀਆਂ ਕਰਵਾਈਆਂ ਗਈਆਂ।