ਨਗਰ ਨਿਗਮ ਤੇ ਸਿਹਤ ਵਿਭਾਗ ਨੇ ਚਿਕਣਗੁਣੀਆਂ ਤੇ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿੱਢੀ ਵਿਸ਼ੇਸ ਮੁਹਿੰਮ

  • ਨਗਰ ਨਿਗਮ ਬਟਾਲਾ ਨੇ ਫੋਗਿੰਗ ਕਰਨ ਦਾ ਸ਼ਡਿਊਲ ਕੀਤਾ ਜਾਰੀ

ਬਟਾਲਾ, 25 ਅਗਸਤ : ਨਗਰ ਨਿਗਮ ਤੇ ਸਿਹਤ ਵਿਭਾਗ ਬਟਾਲਾ ਵਲੋਂ ਚਿਕਣਗੁਣੀਆਂ ਤੇ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਐਸ.ਡੀ.ਐਮ -ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਡਾ. ਸਾਇਰੀ ਭੰਡਾਰੀ ਦੀ ਅਗਵਾਈ ਹੇਠ ਅੱਜ ਡੇਂਗੂ ਤੇ ਚਿਕਣਗੁਣੀਆ ਦੀ ਰੋਕਥਾਮ ਦੇ ਸਬੰਧ ਵਿੱਚ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਅਭਿਸ਼ੇਕ ਵਰਮਾ, ਸ਼ਿਵ ਕੁਮਾਰ ਸੁਪਰਡੈਂਟ ਨਗਰ ਨਿਗਮ, ਵਿਕਰਮਜੀਤ ਸਿੰਘ ਹੈਲਥ ਇੰਸਪੈਕਟਰ ਤੇ ਸੁਪਰਡੈਂਟ ਸੁੰਦਰ ਦਾਸ ਮੋਜੂਦ ਸਨ। ਮੀਟਿੰਗ ਦੌਰਾਨ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਿਕਣ ਗੁਣੀਆਂ ਤੇ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੇ ਸ਼ਹਿਰ ਅੰਦਰ ਫੋਗਿੰਗ ਕਰਵਉਣ ਦੇ ਨਾਲ-ਨਾਲ ਜਿਨਾਂ ਇਲਾਕਿਆਂ ਵਿੱਚ ਪਿਛਲੇ ਸਾਲ ਡੇਂਗੂ ਦੇ ਕੇਸ ਪਾਏ ਗਏ ਸਨ, ਉਸ ਖੇਤਰ ਵੱਲ ਹੋਰ ਵਿਸ਼ੇਸ ਤਵੱਜੋਂ ਦਿੰਦਿਆਂ ਲੋਕਾਂ ਇਨਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ।  ਉਨਾਂ ਅੱਗੇ ਦੱਸਿਆ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਖੜ੍ਹੇ ਪਾਣੀ ਵਿਚ ਐਂਟੀ ਲਾਰਵੀਅਲ ਦਵਾਈਆਂ ਦੀ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆ ਟੀਮਾ ਵਲੋਂ ਲੋਕਾਂ ਨੂੰ ਘਰਾਂ ਵਿਚ ਅਤੇ ਘਰਾਂ ਦੇ ਆਸ ਪਾਸ ਪਾਣੀ ਜਮ੍ਹਾ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਨਗਰ ਨਿਗਮ ਦੇ ਸੁਪਰਡੈਂਟ ਸ਼ਿਵ ਕੁਮਾਰ ਨੇ ਦੱਸਿਆ ਕਿ ਅੱਜ ਨਗਰ ਨਿਗਮ ਦੀਆਂ ਟੀਮਾਂ ਵਲੋਂ ਖੜ੍ਹੇ ਪਾਣੀ ਵਿਚ ਲਾਰਵਾ ਮਿਲਣ ਤੇ 3 ਚਲਾਨ ਕੱਟੇ ਗਏ ਹਨ। ਇਹ ਚਲਾਨ ਬੱਸ ਅੱਡਾ. ਜਲੰਧਰ ਰੋਡ ਤੇ ਸ਼ਬਜ਼ੀ ਮੰਡੀ ਵਿੱਚ ਕੱਟੇ ਗਏ ਹਨ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਫੋਗਿਗ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮ ਵਾਰਡ ਨੰਬਰ 42, ਨਹਿਰੂ ਗੇਟ ਦਾ ਏਰੀਆ, ਝੁੱਗੀਆਂ ਨੇੜੇ ਖੁਸ਼ੀ ਵਾਟਿਕਾ ਪੈਲੇਸ ਨੇੜੇ ਫੋਗਿਗ ਕੀਤੀ ਗਈ। ਕੱਲ੍ਹ 26 ਅਗਸਤ ਨੂੰ ਉਸਮਾਨਪੁਰ ਸਿਟੀ, ਮੁਰਗੀ ਮੁਹੱਲਾ, ਬੱਖੇਵਾਲ, ਦਾਣਾ ਮੰਡੀ, ਸੁੰਦਰ ਨਗਰ, ਹਰਨਾਮ ਨਗਰ ਤੇ ਮਾਨ ਨਗਰ ਵਿਖੇ ਆਟੋ ਫੋਗਿੰਗ ਮਸ਼ੀਨ ਰਾਹੀ ਫੋਗਿੰਗ ਕੀਤੀ ਜਾਵੇਗੀ ਤੇ ਗਾਂਧੀ ਕੈਂਪ, ਵਾਰਡ ਨੰਬਰ 25, 29 ਤੇ 34 ਵਿਖੇ ਹੈਂਡੀ ਫੋਗਿੰਗ ਮਸ਼ੀਨ ਰਾਹੀਂ ਫੋਗਿੰਗ ਕੀਤੀ ਜਾਵੇਗੀ। 28 ਅਗਸਤ ਨੂੰ ਵਾਰਡ ਨੰਬਰ 5, 21, 37 ਤੇ 38 ਵਿੱਚ ਹੈਂਡੀ ਫੋਗਿੰਗ ਮਸ਼ੀਨ ਰਾਹੀਂ ਫੋਗਿੰਗ ਕੀਤੀ ਜਾਵੇਗੀ। ਫੋਗਿੰਗ ਕਰਵਾਉਣ ਦੇ ਸਬੰਧੀ ਵਿੱਚ ਸੁਪਰਡੈਂਟ ਸ਼ਿਵ ਕੁਮਾਰ ਨਾਲ 88377-49738 ਅਤੇ ਚੀਫ ਸੈਨੇਟਰੀ ਇੰਸਪੈਕਟਰ 82889-98189 ਅਤੇ ਸੈਨੇਟਰੀ ਇੰਸਪੈਕਟਰ ਦਿਲਬਾਗ ਸਿੰਘ ਨਾਲ 62831-57990 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਿਹਤ ਅਧਿਕਾਰੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 58 ਕੇਸ ਡੇਂਗੂ ਦੇ ਮਿਲੇ ਸਨ। ਜਿਸ ਵਿੱਚੋਂ ਹਰਨਾਮ ਨਗਰ 6 , ਸੁੰਦਰ ਨਗਰ 5, ਗਾਂਧੀ ਕੈਂਪ, ਸ਼ੁਕਰਪੁਰਾ, ਗਾਊਂਸ਼ਪੁਰਾ, ਅਲੀਵਾਲ ਰੋਡ, ਉਮਰਪੁਰਾ ਵਿਖੇ 3-3- ਕੇਸ, ਸ਼ਾਸਤਰੀ ਨਗਰ, ਕ੍ਰਿਸ਼ਚੀਅਨ ਕਾਲੋਨੀ, ਅਲੀਵਾਲ ਰੋਡ, ਮੱਲੀ ਮਾਰਕਿਟ, ਮੁਰਗੀ ਮੁਹੱਲਾ, ਫੈਜ਼ਪੁਰਾ, ਸਟਾਫ ਰੋਡ, ਸੋਨੀਆਂ ਮੁਹੱਲਾ,ਝਾੜੀਆਂ ਵਾਲਾ, ਈਸਾ ਨਗਰ, ਠਠਿਆਰੀ ਗੇਟ, ਸ਼ਾਂਤੀ ਨਗਰ, ਡੇਰਾ ਬਾਬਾ ਨਾਨਕ ਰੋਡ, ਕਿ੍ਰਸ਼ਨਾ ਨਗਰ, ਹਸਨਪੁਰਾ, ਚੰਦਰ ਨਗਰ, ਗੁਰੂ ਨਾਨਕ ਨਗਰ, ਸੁਖਮਨੀ ਕਾਲੋਨੀ, ਉਮਰਪੁਰਾ, ਲਵਕੁਸ਼ ਚੌਂਕ, ਖਜੂਰੀ ਗੇਟ, ਅਰਬਨ ਅਸਟੇਟ, ਮੜੀਆਂਵਾਲਾ, ਬੇਰਿੰਗ ਕੈਂਪਸ, ਪਹਾੜੀ ਗੇਟ, ਫੋਕਲ ਪੁਆਇੰਟ, ਰਾਮਬਾਗ ਕਾਲੋਨੀ ਤੇ ਧਰਮਪੁਰਾ ਕਾਲੋਨੀ ਵਿਖੇ 1-1-ਡੇਂਗੂ ਦੇ ਕੇਸ ਮਿਲੇ ਸਨ।  ਉਨਾਂ ਅੱਗੇ ਦੱਸਿਆ ਕਿ ਇਸ ਸਾਲ ਹੁਣ ਤੱਕ 25 ਕੇਸ ਡੇਂਗੂ ਦੇ ਮਿਲੇ ਹਨ। ਧਰਮਪੁਰਾ ਕਾਲੋਨੀ 4, ਗੁਰੂ ਰਾਮਦਾਸ ਕਾਲੋਨੀ 2 ਕੇਸ, ਓਹਰੀ ਮੁਹੱਲਾ, ਮੀਆਂ ਮੁਹੱਲਾ, ਗਾਂਧੀ ਕੈਂਪ, ਪ੍ਰੇਮ ਨਗਰ ਦਾਰਾ ਸਲਾਮ, ਕਾਦੀ ਹੱਟੀ, ਫਰੈਂਡਜ਼ ਕਾਲਨੀ, ਸੇਖੜੀ ਮੁਹੱਲਾ, ਕਾਹਨੂੰਵਾਨ ਰੋਡ, ਗਾਊਂਸ਼ਪੁਰਾ, ਬੋਦੇ ਦੀ ਖੂਹੀ, ਪਰੇਮ ਨਗਰ ਬੋਹੜਾ ਵਾਲਾ, ਉਮਰਪਰਾ, ਫੈਜ਼ਪੁਰਾ,ਨਵੀਂ ਕਿ੍ਰਸ਼ਚੀਅਨ ਕਾਲੋਨੀ, ਮਲਾਵੇ ਦੀ ਕੋਠੀ, ਕਲਗੀਧਰ ਕਾਲੋਨੀ, ਈਸਾ ਨਗਰ, ਭਾਈਆਂ ਦੀ ਗਲੀ, ਨਰਾਇਣ ਨਗਰ ਵਿਖੇ 1-1 ਕੇਸ ਮਿਲਿਆ ਹੈ। ਚਿਕਣ ਗੁਣੀਆਂ ਦਾ ਕੋਈ ਕੇਸ ਨਹੀਂ ਮਿਲਿਆ ਹੈ। ਉਨਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਘਰਾਂ ਵਿੱਚ ਵਾਧੂ ਪਏ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗ਼ਮਲੇ ਆਦਿ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਲੱਛਣ ਜਿਵੇਂ ਤੇਜ਼ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪਾਜੇਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇ। ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।