ਵਿਧਾਇਕ ਸ਼ੈਰੀ ਕਲਸੀ ਨੇ ਰੇਲਵੇ ਓਵਰ ਬਿ੍ਰਜ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ 

  • ਸੈਂਕੜੇ ਪਿੰਡਾਂ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਮਿਲੇਗੀ ਆਵਾਜਾਈ ਦੀ ਵੱਡੀ ਸਹੂਲਤ

ਬਟਾਲਾ, 8 ਜੁਲਾਈ : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਰੇਲਵੇ ਓਵਰ ਬਿ੍ਰਜ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਖਰ ਰੱਖਿਆ, ਜਿਸ ਨਾਲ ਸੈਂਕੜੇ ਪਿੰਡਾਂ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਦੁਕਾਨਦਾਰਾਂ ਤੇ ਲੋਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਕਾਫੀ ਲੰਮੇ ਸਮੇਂ ਤੋਂ ਬਹੁਤ ਖਰਾਬ ਤੇ ਖਸਤਾ ਹਾਲਤ ਵਿੱਚ ਸੀ ਤੇ ਇਸੇ ਰੋਡ ਤੇ ਦਾਣਾ ਮੰਡੀ, ਸਬਜ਼ੀ ਮੰਡੀ, ਮਾਰਕਿਟ ਕਮੇਟੀ ਬਟਾਲਾ ਦਾ ਦਫਤਰ ਸਮੇਤ ਸੈਂਕੜੇ ਪਿੰਡਾਂ ਦੇ ਲੋਕ, ਬਟਾਲਾ ਸ਼ਹਿਰ ਆਉਂਦੇ ਹਨ। ਪਰ ਹੁਣ ਇਸ ਸੜਕ ਦੇ ਬਣ ਜਾਣ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ ਅਤੇ ਵਿਕਾਸ ਕੰਮਾਂ ਵਿੱਚ ਕੋਈ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਪੀ ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੜਕ ਦੇ ਨਵੀਨੀਕਰਨ ਦਾ ਕੰਮ ਗੁਣਵੱਤਾ ਭਰੂਪਰ ਅਤੇ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਵਿਧਾਇਕ ਸ਼ੈਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਟਾਲਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਸ਼ਹਿਰ ਵਿੱਚ ਵਿਕਾਸ ਕੰਮ ਹੋਰ ਤੇਜ਼ਗਤੀ ਨਾਲ ਕਰਵਾਏ ਜਾਣਗੇ। ਸ਼ਹਿਰ ਅੰਦਰ ਵਿਕਾਸ ਕੰਮ ਕਰਵਾਉਣਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਉਨਾਂ ਦੀ ਮੁੱਖ ਤਰਜੀਹ ਹੈ ਅਤੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਪੀ.ਡਬਲਿਊ.ਡੀ ਦੇ ਐਸ.ਡੀ.ਓ ਨਿਰਮਲ ਸਿੰਘ, ਐਮ ਸੀ ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ, ਆਪ ਪਾਰਟੀ ਦੇ ਸਿਟੀ ਪ੍ਰਧਾਨ ਰਾਜੇਸ ਤੁਲੀ,  ਸੀਨੀਅਰ ਆਗੂ ਰਾਕੇਸ ਤੁਲੀ, ਗੁਰਜੀਤ ਸਿੰਘ, ਗਗਨ ਬਟਾਲਾ, ਮਲਕੀਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਮਾਨ, ਨਿੱਕੂ ਹੰਸਪਾਲ, ਮਾਣਿਕ ਮਹਿਤਾ, ਪਵਨ ਕੁਮਾਰ ਸਮੇਤ ਦੁਕਾਨਦਾਰ ਅਤੇ ਸ਼ਹਿਰ ਵਾਸੀ ਮੋਜੂਦ ਸਨ।