ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ  ਨੇ ਵਿਆਹ ਪੁਰਬ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਲਿਆ ਜਾਇਜ਼ਾ

  • ਗੁਰਦਆਰਾ ਸ੍ਰੀ ਸੁਲਤਾਨਪੁਰ ਲੋਧੀ ਤੋ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਕੀਤਾ ਨਿਰੀਖਣ

ਬਟਾਲਾ, 28 ਅਗਸਤ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰੀਖਣ ਕੀਤਾ ਅਤੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਅਧੂਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਤੇ ਐਸ.ਪੀ (ਐੱਚ) ਜੇ.ਐਸ ਸੰਧੂ ਵੀ ਮੋਜੂਦ ਸਨ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਆਹ ਪੁਰਬ ਦੇ ਸਮਾਗਮ ਵਿੱਚ ਬਟਾਲਾ ਵਿਖੇ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਦੀਆਂ ਹਨ ਅਤੇ ਉਨ੍ਹਾਂ ਦੀਆਂ ਸਹੂਲਤਾਂ ਲਈ ਪੁਖਤੇ ਪ੍ਰਬੰਧ ਕੀਤੇ ਜਾਣਗੇ। ਉਨਾਂ ਦੱਸਿਆ ਕਿ 22 ਸਤੰਬਰ ਨੂੰ ਵਿਆਹ ਪੁਰਬ ਸਮਾਗਮ ਤੋਂ ਇੱਕ ਦਿਨ ਪਹਿਲਾਂ 21 ਸਤੰਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਆਉਣ ਵਾਲੇ ਨਗਰ ਕੀਰਤਨ ਦੇ ਰੂਟ ਦਾ ਨਿਰੀਖਣ ਕੀਤਾ ਗਿਆ ਹੈ ਤੇ ਵੱਖ-ਵੱਖ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕੰਮ ਕਰਨ ਦੇ ਨਿਰਦੇਸ਼-ਦਿੱਤੇ ਗਏ। ਉਨ੍ਹਾ ਕਿਹਾ ਵਿਆਹ ਪੁਰਬ ਦੇ ਸਮਾਗਮ ਪੂਰੇ ਉਤਸ਼ਾਹ ਤੋ ਜਾਹੋ ਜਲਾਲ ਨਾਲ ਮਨਾਏ ਜਾਣਗੇ। ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਆਹ ਪੁਰਬ ਦੇ ਸਮਾਗਮ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਲ ਨਾ ਵਰਤੀ ਜਾਵੇ ਅਤੇ ਸਮਾਗਮ ਦੀਆਂ ਤਿਆਰੀਆਂ ਸੁਚਾਰੂ ਢੰਗ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਅੱਜ ਜਲੰਧਰ ਰੋਡ (ਨੇੜੇ ਵੰਡਰ ਹੋਟਲ) ਤੋਂ ਉਮਰੁਪਰਾ ਚੋਂਕ, ਕਾਦੀਆਂ ਵਾਲੀ ਚੂੰਗੀ, ਚਿੱਟੀ ਗਰਾਊਂਡ, ਹੰਸਲੀ ਦਾ ਪੁੱਲ, ਬੱਸ ਅੱਡਾ, ਗਾਂਧੀ ਚੋਂਕ ਤੋਂ ਸ਼ਹਿਰ ਵੱਲ ਬਾਜ਼ਾਰ ਤੇ ਡੇਰਾ ਬਾਬਾ ਨਾਨਕ ਰੋੋਡ ਦਾ ਦੌਰਾ ਕੀਤਾ ਗਿਆ । ਇਸ ਮੌਕੇ  ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਰੋਡ ਬਟਾਲਾ ਤੋ ਲੈ ਕੇ ਨਗਰ ਕੀਰਤਨ ਦੇ ਸਮਾਪਤੀ ਤੱਕ ਸਾਰੇ ਰੂਟ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾਵੇਗਾ, ਇਸ ਤੋਂ ਇਲਾਵਾ ਸਾਰੇ ਸ਼ਹਿਰ ਦੇ ਚੌਕਾਂ ਵਿਚ ਸ਼ਾਨਦਾਰ ਸਵਾਗਤੀ ਗੇਟ ਬਣਾਏ ਜਾਣਗੇ ਤੇ ਰੰਗ ਬਿਰੰਗੀਆਂ ਲੜੀਆਂ ਦੀ ਸਜਾਵਟ ਕੀਤੀ ਜਾਵੇਗੀ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਸਾਫ-ਸਫ਼ਾਈ ਤੇ ਕੂੜੇ ਦੇ ਢੇਰਾਂ ਨੂੰ ਨਾਲ-ਨਾਲੋ ਚੁੱਕਣ ਦੀ ਹਦਾਇਤ ਕਰਦਿਆਂ ਕਿਹਾ ਕਿ ਰਾਤ ਵੇਲੇ ਵੀ ਸਫ਼ਾਈ ਮੁਹਿੰਮ ਵਿੱਢੀ ਜਾਵੇ। ਨਾਲ ਹੀ ਉਨਾਂ ਸ਼ਹਿਰ ਅੰਦਰ ਨਾਜਾਇਜ਼ ਢੰਗ ਨਾਲ ਲਗਾਏ ਗਏ ਬੈਨਰ ਤੇ ਹੋਰਡਿੰਗਜ਼ ਬੋਰਡ ਵਿਰੁੱਧ ਵੀ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਸ਼ਹਿਰ ਦੀ ਖੂਬਸਰੂਤੀ ਵਿੱਚ ਕੋਈ ਵਿਘਨ ਨਾ ਪਵੇ। ਉੁਨਾਂ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਸ਼ਹਿਰ ਅੰਦਰ, ਸਾਰੇ ਸੀਵਰੇਜ਼ ਚੈੱਕ ਕਰਨ ਦੀ ਹਦਾਇਤ ਕੀਤੀ ਤੇ ਕਿਹਾ ਕਿ ਕੋਈ ਵੀ ਸਵੀਰੇਜ਼ ਬਿਨਾਂ ਢੱਕਣ ਤੋਂ ਨਹੀਂ ਹੋਣਾ ਚਾਹੀਦਾ। ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿਸੇ ਵੀ ਥਾਂ ਤੇ ਬਿਜਲੀ ਤਾਰਾਂ ਨੰਗੀਆਂ ਜਾਂ ਢਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ। ਪੀ.ਡਬਲਿਊ.ਡੀ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚਲੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਦੇਸ-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੰਗਤਾਂ ਦੀ ਸਹੂਲਤ ਲਈ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੁੱਚੇ ਰੂਟ ਵਿਚ ਰਹਿੰਦੇ ਕੰਮ ਪੂਰੇ ਕਰਨ ਦੀ ਹਦਾਇਤ ਕੀਤੀ ਤੇ ਕਿਹਾ ਕਿ 22 ਸਤੰਬਰ ਨੂੰ ਮਨਾਏ ਜਾ ਰਹੇ ਵਿਆਹ ਪੁਰਬ ਤੋਂ ਪਹਿਲਾਂ-ਪਹਿਲਾਂ, ਪੂਰੀ ਸ਼ਰਧਾ ਭਾਵਨਾ ਨਾਲ ਕੰਮ ਕਰਨੇ ਯਕੀਨ ਬਣਾਏ ਜਾਣ। ਇਸ ਮੌਕੇ ਤਹਿਸੀਲਦਾਰ ਅਭਿਸ਼ੇਕ ਵਰਮਾ, ਰਾਜੇਸ਼ ਕੁਮਾਰ ਤੁੱਲੀ, ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ ਸਿੰਘ (ਸਾਰੇ ਐੰਮ.ਸੀ), ਐਕਸੀਅਨ ਹਰਪ੍ਰੀਤ ਸਿੰਘ, ਐਸ.ਡੀ.ਓ. ਨਿਰਮਲ ਸਿੰਘ, ਜੀਈ ਉੱਪਲ, ਐਸ.ਡੀ.ਓ ਗੁਰਵਿੰਦਰ ਸਿੰਘ, ਆਸ਼ੂ ਗੋਇਲ, ਯਸ਼ਪਾਲ ਚੋਹਾਨ, ਹਰਵਿੰਦਰ ਸਿੰਘ ਕਲਸੀ, ਬੰਟੀ ਟਰੇਂਡਜ਼ ਵਾਲੇ, ਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਰਾਜੂ, ਸਾਬਕਾ ਡੀਐਸਪੀ ਕੁਲਵੰਤ ਸਿੰਘ, ਐਡਵੈਕੇਟ ਮੱਟੂ ਜੀ, ਅਜੇ ਕੁਮਾਰ, ਮਨਜੀਤ ਸਿੰਘ, ਗੁਰਜੀਤ ਸਿੰਘ, ਤਿਲਕ ਰਾਜ, ਜਤਿੰਦਰ ਸਿੰਘ ਸਹਿਮੀ, ਰਜਿੰਦਰ ਜੰਬਾ, ਮਲਕੀਤ ਸਿੰਘ, ਨਿੱਕੂ ਹੰਸ ਪਾਲ, ਗਗਨ ਬਟਾਲਾ  ਮਾਨਕ ਮਹਿਤਾ, ਹਰਪ੍ਰੀਤ ਸਿੰਘ ਮਾਨ ਆਦਿ ਹਾਜ਼ਰ ਸਨ।