ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦਾ ਦੇਹਾਂਤ

ਅੰਮ੍ਰਿਤਸਰ, 21 ਸਤੰਬਰ, 2024 : ‘ਆਮ ਆਦਮੀ ਪਾਰਟੀ’ ਦੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਜੀਵਨ ਸਾਥਣ ਮਧੂਮਿਤਾ ਦਾ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਅੱਜ ਤੜਕੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਸ੍ਰੀਮਤੀ ਮਧੂਮਿਤਾ ਦਾ ਅੰਤਿਮ ਸਸਕਾਰ ਸਨਿਚਰਵਾਰ ਸਵੇਰੇ ਦੁਰਗਿਆਨਾ ਮੰਦਿਰ ਸ਼ਮਸ਼ਾਨਘਾਟ ਵਿਖ਼ੇ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਰਾਜਸੀ ਆਗੂ ਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨੇ ਪੁੱਜ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।  

ਮੁੱਖ ਮੰਤਰੀ ਮਾਨ ਨੇ ਕੀਤਾ ਦੇਹਾਂਤ ‘ਤੇ ਦੁੱਖ ਪ੍ਰਗਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਮਧੂਮਿਤਾ ਦੇ ਦੁਖਦਾਇਕ ਅਤੇ ਬੇਵਕਤੀ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ ਛੱਡ ਗਏ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਧੂਮਿਤਾ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਜੋ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੇ ਪਤੀ ਦੀ ਸਫਲਤਾ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਧੂਮਿਤਾ ਜੀ ਇਕ ਪਵਿੱਤਰ ਰੂਹ ਸਨ, ਜਿਨ੍ਹਾਂ ਨੇ ਆਪਣੇ ਪਤੀ ਕੁੰਵਰ ਵਿਜੇ ਪ੍ਰਤਾਪ ਨੂੰ ਬਤੌਰ ਪੁਲਿਸ ਅਧਿਕਾਰੀ ਅਤੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਪੂਰਨ ਸਹਿਯੋਗ ਦਿੱਤਾ। ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਤੇ ਸਾਕ-ਸਨੇਹੀਆਂ ਨੂੰ ਦੁੱਖ ਦੀ ਇਸ ਘੜੀ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ।

ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਸ੍ਰੀਮਤੀ ਮਧੂਮਿਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀਮਤੀ ਮਧੂਮਿਤਾ, ਨਿਰਪੱਖ ਸੋਚ ਵਾਲੇ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ। ਸ੍ਰੀਮਤੀ ਮਧੂਮਿਤਾ ਨੂੰ ਬੀਤੀ ਰਾਤ ਸਾਹ ਲੈਣ ‘ਚ ਤਕਲੀਫ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਅੱਜ ਸਵੇਰੇ ਆਖਰੀ ਸਾਹ ਲਿਆ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।