ਹਲਕਾ ਜੰਡਿਆਲਾ ਗੁਰੂ ਦੀਆਂ ਕਈ ਪੰਚਾਇਤਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ

  • ਰੰਗਲਾ ਪੰਜਾਬ ਬਨਾਉਣ ਲਈ ਲੋਕਾਂ ਦਾ ਮਿਲ ਰਿਹਾ ਸਾਥ : ਈ ਟੀ ਓ

ਅੰਮ੍ਰਿਤਸਰ, 5 ਜੂਨ : ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰ ਵਿਚ ਕੀਤੀਆਂ ਇਨਕਲਾਬੀ ਤਬਦੀਲੀਆਂ ਦਾ ਹਵਾਲਾ ਦਿੰਦੇ ਕਿਹਾ ਕਿ ਉਕਤ ਦੋਵੇਂ ਮਹੱਤਵਪੂਰਨ ਖੇਤਰ ਲੰਮੇ ਸਮੇਂ ਤੋਂ ਜਾਣਬੁੱਝ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲੇ ਕੀਤੇ ਹੋਏ ਸਨ, ਜਿੰਨਾ ਨੂੰ ਤਰਜੀਹ ਦੇਣ ਨਾਲ ਪੰਜਾਬੀਆਂ ਵਿਚ ਮੁੜ ਆਸ ਦੀ ਕਿਰਨ ਜਾਗੀ ਹੈ। ਉਨਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਭਰਤੀਆਂ, ਸਕੂਲਾਂ ਦੀ ਕਾਇਆ ਕਲਪ, ਸਕੂਲ ਆਫ ਐਮੀਨੈਂਸ ਦੀ ਸਥਾਪਤੀ ਆਦਿ ਅਜਿਹੇ ਕਦਮ ਹਨ, ਜਿਸ ਨਾਲ ਹਰੇਕ ਵਰਗ ਦੇ ਬੱਚੇ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣਗੇ। ਉਨਾਂ ਕਿਹਾ ਕਿ ਇਸੇ ਤਰਾਂ ਸਿਹਤ ਸਹੂਲਤਾਂ ਲਈ ਹਰੇਕ ਇਲਾਕੇ ਵਿਚ ਮੁਹੱਲਾ ਕਲੀਨਿਕ ਬਨਾਉਣ ਦੀ ਕੀਤੀ ਸ਼ੁਰੂਆਤ ਨੇ ਇਲਾਜ ਹਰੇਕ ਲੋੜਵੰਦ ਤੱਕ ਮੁਫ਼ਤ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦਾ ਮੁਹਾਣ ਤਾਂ ਆਮ ਆਦਮੀ ਪਾਰਟੀ ਵੱਲ ਸੀ, ਪਰ ਇਸ ਵੱਡੀ ਸ਼ੁਰੂਆਤ ਸਦਕਾ ਹੁਣ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਪਿੰਡ ਤੇ ਸ਼ਹਿਰ ਪੱਧਰ ਦੇ ਨੇਤਾ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਉਨਾਂ ਕਿਹਾ ਕਿ ਇਸ ਤਰਾਂ ਲੋਕਾਂ ਦਾ ਮਿਲ ਰਿਹਾ ਸਾਥ ਸਾਡੇ ਲਈ ਉਤਸ਼ਾਹ ਦਾ ਵੱਡਾ ਸਰੋਤ ਬਣਦਾ ਹੈ ਅਤੇ ਸਾਡੇ ਕੰਮ ਦੀ ਰਫਤਾਰ ਹੋਰ ਤੇਜ਼ ਹੋ ਰਹੀ ਹੈ। ਅੱਜ ਆਪਣੇ ਹਲਕੇ ਦੇ ਪਿੰਡ ਮਿਹੋਕਾ ਵਿਖੇ ਮੌਜੂਦਾ ਸਰਪੰਚ ਲਖਬੀਰ ਸਿੰਘ, ਜੋ ਕਿ ਆਪਣੀ ਪੰਚਾਇਤ ਦੇ ਮੈਂਬਰ ਸ. ਮੁਖਤਾਰ ਸਿੰਘ, ਸੁਖਦੇਵ ਸਿੰਘ, ਪ੍ਰਗਟ ਸਿੰਘ, ਦਲਬੀਰ ਸਿੰਘ ਤੇ ਰੇਸ਼ਮ ਸਿੰਘ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ, ਨੂੰ ਸਨਮਾਨਿਤ ਕਰਨ ਮੌਕੇ ਸ. ਹਰਭਜਨ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਰਾਜਸੀ ਲੋਕ ਵੀ ਆਪ ਨਾਲ ਜੁੜ ਰਹੇ ਹਨ, ਜੋ ਕਿ ਪਾਰਟੀ ਦੀ ਮਜ਼ਬੂਤੀ ਲਈ ਸ਼ੁਭ ਸ਼ਗਨ ਹੈ। ਉਨਾਂ ਪਾਰਟੀ ਵਿਚ ਸ਼ਾਮਿਲ ਹੋਈਆਂ ਸਖਸ਼ੀਅਤਾਂ ਨੂੰ ਭਰੋਸਾ ਦਿੱਤਾ ਕਿ ਤਹਾਨੂੰ ਆਮ ਆਦਮੀ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨਾਂ ਆਸ ਪ੍ਰਗਟਾਈ ਕਿ ਲੋਕਾਂ ਦੇ ਸਾਥ ਨਾਲ ਅਸੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਦਿਨਾਂ ਦੀ ਬਹਾਲੀ ਲਈ ਦਿੱਤੇ ਹਰੇਕ ਸੱਦੇ ਨੂੰ ਕਾਮਯਾਬੀ ਨਾਲ ਲਾਗੂ ਕਰ ਸਕਾਂਗੇ। ਇਸ ਮੌਕੇ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਸਬਦਲ ਸਿੰਘ, ਗੁਰਦੇਵ ਸਿੰਘ, ਫਤਹਿ ਸਿੰਘ, ਅਮਰਪ੍ਰੀਤ ਸਿੰਘ, ਭੁਪਿੰਦਰ ਸੰਧੂ, ਰਵੇਲ ਸਿੰਘ, ਮਨਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਗੁਰਨਾਮ ਸਿੰਘ, ਨਿਰਵੈਰ ਸਿੰਘ ਤੇ ਹੋਰ ਪਤਵੰਤੇ ਵੀ ਹਾਜਰ ਸਨ।