ਪਿੰਡ ਘੁਮਾਣ ਦੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਪ੍ਰਬੰਧਨ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ

  • ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਤੂੜੀ ਬਣਾ ਕੇ ਪਰਾਲੀ ਦਾ ਕੀਤਾ ਪ੍ਰਬੰਧਨ

ਬਟਾਲਾ, 10 ਅਕਤੂਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਖੇਤੀਬਾੜੀ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਜ਼ਿਲੇ ਪੱਧਰ ਤੇ ਮੁਹਿੰਮ ਵਿੱਢੀ ਗਈ ਹੈ ਅਤੇ ਇਸ ਮੁਹਿੰਮ ਨੂੰ ਕਿਸਾਨਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਪ੍ਰਬੰਧਨ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ, ਪਿੰਡ ਘੁਮਾਣ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ। ਮਲਕੀਤ ਸਿੰਘ ਵਲੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਤੂੜੀ ਬਣਾ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ। ਅਗਾਂਹਵਧੂ ਕਿਸਾਨ ਨੇ ਪਿਛਲੇ ਸਾਲ ਵੀ ਇਸੇ ਤਰਾਂ ਪਰਾਲੀ ਦੀ ਸਾਂਭ ਸੰਭਾਲ ਕੀਤੀ ਸੀ। ਇਸ ਮੌਕੇ ਗੱਲ ਕਰਦਿਆਂ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਤੂੜੀ ਬਣਾਉਂਦਾ ਹੈ, ਜਿਸ ਨਾਲ ਸਾਰਾ ਸਾਲ ਪਸ਼ੂਆਂ ਦੇ ਚਾਰੇ ਲਈ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਪਸ਼ੂ ਆਸਾਨੀ ਨਾਲ ਤੂੜੀ ਖਾ ਲੈਂਦੇ ਹਨ, ਜਿਸ ਨਾਲ ਪਸ਼ੂਆਂ ਦੇ ਦੁੱਧ ਵਿੱਚ ਵੀ ਵਾਧਾ ਹੁੰਦਾ ਹੈ। ਉਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨ ਵਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਅੱਗੇ ਆਉਣ ਤੇ ਨਾੜ ਨੂੰ ਅੱਗ ਨਾ ਲਗਾਈ ਜਾਵੇ। ਉਨਾਂ ਕਿਹਾ ਕਿ ਜੇਕਰ ਹੋਰ ਵੀ ਕਿਸੇ ਕਿਸਾਨ ਨੇ ਪਰਾਲੀ ਦੀ ਤੂੜੀ ਬਣਾਉਣੀ ਹੋਵੇ ਤਾਂ ਮੋਬਾਇਲ ਨੰਬਰ 70092-58430 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਮੂਹਿਕ ਸਹਿਯੋਗ ਦੀ ਲੋੜ ਹੈ ਅਤੇ ਵਾਤਵਰਣ ਨੂੰ ਸ਼ੁੱਧ ਰੱਖਣ ਤੇ ਮਿੱਟੀ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਝੋਨੇ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ। ਉਨਾਂ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਦੀ ਜ਼ਰੂਰਤ ਹੋਵੇ ਤਾਂ 1800-180 1852 ਤੇ ਜਾਂ ਖੇਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਕਾਹਲੋਂ ਤੇ ਸਰਬਜੀਤ ਸਿੰਘ, ਸਹਾਇਕ ਤਕਨੀਕੀ ਮੈਨੇਜਰ ਸ੍ਰੀ ਹਰਗੋਬਿੰਦਪੁਰ ਸਾਹਿਬ ਵੀ ਮੋਜੂਦ ਸਨ।